ਮੈਲਬਰਨ: ਮੈਲਬਰਨ ਦੇ ਹੈਂਪਟਨ ਈਸਟ ‘ਚ 46 ਸਾਲਾਂ ਦੇ ਸਪਾਈਰੋਸ ਫਿਲਿਡਿਸ ਦਾ ਦਿਨ-ਦਿਹਾੜੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਮੰਗਲਵਾਰ ਦੁਪਹਿਰ ਕਰੀਬ 12:30 ਵਜੇ ਵਾਪਰੀ ਜਦੋਂ ਫਿਲੀਡਿਸ ਬੱਸ ਸਟਾਪ ਵੱਲ ਪੈਦਲ ਜਾ ਰਿਹਾ ਸੀ। ਫਿਲੀਡਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਕਤਲ ਦੇ ਦੋਸ਼ ’ਚ ਇਕ 27 ਸਾਲ ਦੇ ਹੈਰੀਸਨ ਹਿਲਟਨ-ਟੇਲਰ ਨੂੰ ਮੂਰਬਿਨ ’ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਦੋਵੇਂ ਵਿਅਕਤੀ ਇੱਕ ਦੂਜੇ ਨੂੰ ਜਾਣਦੇ ਸਨ।
ਫਿਲਿਸ ਦਾ ਪਰਿਵਾਰ ਅਤੇ ਦੋਸਤ ਉਸ ਦੀ ਮੌਤ ਦੇ ਸਦਮੇ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ। ਉਸ ਦੀ ਗੋਡਮਦਰ, ਕ੍ਰਿਸਟੀਨ ਕੌਨੇਲਿਸ ਨੇ ਉਸ ਨੂੰ ਇੱਕ ਹਮੇਸ਼ਾ ਖ਼ੁਸ਼ ਰਹਿਣ ਵਾਲਾ ਇਨਸਾਨ ਦੱਸਿਆ ਜੋ “ਕਦੇ ਗੁੱਸੇ ਨਹੀਂ ਹੋਇਆ” ਅਤੇ ਉਸ ਨੂੰ ਸਾਊਥਲੈਂਡ ’ਚ ਸਭ ਜਾਣਦੇ ਸਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਦਿਮਾਗੀ ਤੌਰ ’ਤੇ ਕਮਜ਼ੋਰ ਸੀ ਪਰ ਕਿਸੇ ’ਤੇ ਨਿਰਭਰ ਨਹੀਂ ਸੀ।