ਮੈਲਬਰਨ: ਇਸਾਈ ਧਰਮ ਕੇ ਜਨਮ ਅਸਥਾਨ ਬੈਥਲਹਮ ਵਿਖੇ ਈਸਾ ਮਸੀਹ ਦੇ ਜਨਮਦਿਨ ਕ੍ਰਿਸਮਸ ਦੇ ਜਸ਼ਨ ਰੱਦ ਰਹੇ। ਵੈਸਟ ਬੈਂਕ ’ਚ ਸਥਿਤ ਆਮ ਤੌਰ ’ਤੇ ਹਜ਼ਾਰਾਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਹਿਣ ਵਾਲਾ ਬੈਥਲਹਮ ਇਸ ਸਾਲ ਕ੍ਰਿਸਮਸ ਮੌਕੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਚਲ ਰਹੀ ਜੰਗ ਕਾਰਨ ਸੁੰਨਾ ਨਜ਼ਰ ਆਇਆ।
ਇਜ਼ਰਾਈਲ ਦੇ ਨੇਤਾਵਾਂ ਨੇ ਵੀਕਐਂਡ ਦੌਰਾਨ ਲੜਾਈ ਵਿਚ ਆਪਣੇ 15 ਫ਼ੌਜੀਆਂ ਦੇ ਹਮਾਸ ਹੱਥੋਂ ਮਾਰੇ ਜਾਣ ਤੋਂ ਬਾਅਦ ‘ਬਹੁਤ ਭਾਰੀ ਕੀਮਤ’ ਨੂੰ ਸਵੀਕਾਰ ਕੀਤਾ ਸੀ। ਹੁਣ ਤਕ ਜੰਗ ’ਚ ਇਜ਼ਰਾਈਲ ਦੇ 154 ਫ਼ੌਜੀ ਮਾਰੇ ਜਾ ਚੁੱਕੇ ਹਨ। ਫ਼ੌਜੀਆਂ ਨੂੰ ਇੱਕ ਸੁਰੰਗ ’ਚੋਂ ਹਮਾਸ ਵੱਲੋਂ ਬੰਧਕ ਬਣਾਏ ਪੰਜ ਇਜ਼ਰਾਈਲੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਜ਼ਰਾਈਲੀ ਗੋਲਾਬਾਰੀ ਨੇ ਗਾਜ਼ਾ ਦੇ ਵੱਡੇ ਹਿੱਸੇ ਦਾ ਮਲੀਆਮੇਟ ਕਰ ਦਿਤਾ ਹੈ, ਜਿਸ ’ਚ ਹੁਣ ਤਕ 20,400 ਫ਼ਲਸਤੀਨੀਆਂ ਦੇ ਮਾਰੇ ਜਾਣ ਅਤੇ 23 ਲੱਖ ਲੋਕਾਂ ਦੇ ਉਜੜ ਜਾਣ ਦੀ ਖ਼ਬਰ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਬੀਤੇ ਦਿਨ 166 ਲੋਕਾਂ ਦੀ ਮੌਤ ਹੋ ਗਈ।
ਬੇਥਲੇਹਮ ਵਿੱਚ ਚਰਚ ਆਫ ਨੈਟੀਵਿਟੀ ਦੇ ਸਾਹਮਣੇ ਰਾਣਾ ਬਿਸ਼ਾਰਾ ਵੱਲੋਂ ਬਣਾਈ ਗਈ ਇੱਕ ਕਲਾਕ੍ਰਿਤੀ ਲੋਕਾਂ ਦੀ ਖਿੱਚ ਦਾ ਕਾਰਨ ਰਹੀ, ਜਿਸ ’ਚ ਇੱਕ ਇਨਕਿਊਬੇਟਰ ਦੇ ਅੰਦਰ ਬੇਬੀ ਯਿਸੂ ਦੀ ਤਸਵੀਰ ਦਿਖਾਈ ਗਈ ਹੈ। ਵੈਟੀਕਨ ਸਿਟੀ ’ਚ ਪੋਪ ਫ਼ਰਾਂਸਿਸ ਨੇ ਦੁਨੀਆ ਭਰ ਦੇ ਇਸਾਈਆ ਨੂੰ ਆਪਣੇ ਸੰਦੇਸ਼ ’ਚ ਕਿਹਾ, “ਅੱਜ ਰਾਤ, ਸਾਡਾ ਦਿਲ ਬੈਤਲਹਮ ਵਿੱਚ ਹੈ, ਜਿੱਥੇ ਸ਼ਾਂਤੀ ਦੇ ਰਾਜਕੁਮਾਰ ਨੂੰ ਇੱਕ ਵਾਰ ਫਿਰ ਯੁੱਧ ਦੇ ਵਿਅਰਥ ਤਰਕ ਨੇ, ਹਥਿਆਰਾਂ ਦੇ ਟਕਰਾਅ ਨੇ ਰੱਦ ਕਰ ਦਿੱਤਾ ਗਿਆ ਹੈ ਜੋ ਅੱਜ ਵੀ ਉਸ ਨੂੰ ਦੁਨੀਆ ਵਿੱਚ ਜਗ੍ਹਾ ਲੱਭਣ ਤੋਂ ਰੋਕਦਾ ਹੈ।’’