ਆਸਟ੍ਰੇਲੀਆ ਲਈ ਬਿਜਲੀ ਦਾ ਸਭ ਤੋਂ ਸਸਤਾ ਸਰੋਤ ਕਿਹੜਾ? ਪੜ੍ਹੋ ਕੀ ਕਹਿੰਦੀ ਹੈ CSIRO ਦੀ ਰਿਪੋਰਟ

ਮੈਲਬਰਨ: CSIRO ਅਤੇ ਊਰਜਾ ਬਾਜ਼ਾਰ ਰੈਗੂਲੇਟਰ ਦੀ ਇਕ ਰਿਪੋਰਟ ਵਿਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਪ੍ਰਮਾਣੂ ਊਰਜਾ ਆਸਟ੍ਰੇਲੀਆ ਲਈ ਨਵੀਂ ਊਰਜਾ ਦਾ ਸਭ ਤੋਂ ਮਹਿੰਗਾ ਸਰੋਤ ਹੋਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੋਲਰ ਅਤੇ ਆਨ-ਸ਼ੋਰ ਵਿੰਡ ਪ੍ਰੋਜੈਕਟਾਂ ਰਾਹੀਂ ਪੈਦਾ ਕੀਤੀ ਗਈ ਬਿਜਲੀ ਆਸਟ੍ਰੇਲੀਆ ਲਈ ਸਭ ਤੋਂ ਸਸਤੀ ਰਹੇਗੀ।

ਨਤੀਜੇ ਸਲਾਹ-ਮਸ਼ਵਰੇ ਲਈ ਪਿਛਲੇ ਦਿਨੀਂ ਜਾਰੀ ਕੀਤੀ ਗਈ ਜੈਨਕੋਸਟ 2023-24 ਡਰਾਫਟ ਰਿਪੋਰਟ ਵਿੱਚ ਵੇਖੇ ਜਾ ਸਕਦੇ ਹਨ। ਜੈਨਕੋਸਟ ਰਿਪੋਰਟ ਹਰ ਸਾਲ CSIRO (ਕਾਮਨਵੈਲਥ ਸਾਇੰਗਸ ਐਂਡ ਇੰਡਸਟਰੀਅਲ ਰਿਸਰਚ ਆਰਗੇਨਨਾਈਜੇਸ਼ਨ) ਅਤੇ AEMO (ਆਸਟ੍ਰੇਲੀਆਈ ਐਨਰਜੀ ਮਾਰਕੀਟ ਆਪਰੇਟਰ) ਵੱਲੋਂ ਪ੍ਰਕਾਸ਼ਤ ਕੀਤੀ ਜਾਂਦੀ ਹੈ। ਇਹ 2050 ਤੱਕ ਨਵੇਂ ਬਿਜਲੀ ਉਤਪਾਦਨ ਅਤੇ ਭੰਡਾਰਨ ਪ੍ਰਾਜੈਕਟਾਂ ਦੇ ਨਿਰਮਾਣ ਦੀ ਅਨੁਮਾਨਤ ਲਾਗਤ ਬਾਰੇ ਸਾਲਾਨਾ ਅਪਡੇਟ ਪ੍ਰਦਾਨ ਕਰਦਾ ਹੈ।

ਇਹ ਕੋਲਾ, ਗੈਸ, ਸੂਰਜੀ, ਹਵਾ, ਪ੍ਰਮਾਣੂ, ਬਾਇਓਐਨਰਜੀ, ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰ ਤੋਂ ਇਲਾਵਾ ਪੰਪ ਕੀਤੇ ਹਾਈਡਰੋ ਅਤੇ ਬੈਟਰੀਆਂ ਵਰਗੀ ਸਟੋਰੇਜ ਰਾਹੀਂ ਪੈਦਾ ਕੀਤੀ ਬਿਜਲੀ ਦੀਆਂ ਬਦਲਦੀਆਂ ਲਾਗਤਾਂ ਦਾ ਅਨੁਮਾਨ ਲਗਾਉਂਦੀ ਹੈ। ਡਰਾਫਟ ਰਿਪੋਰਟ 9 ਫਰਵਰੀ, 2024 ਤੱਕ ਸਲਾਹ-ਮਸ਼ਵਰੇ ਲਈ ਖੁੱਲ੍ਹੀ ਰਹੇਗੀ ਅਤੇ ਅੰਤਿਮ 2023-24 ਰਿਪੋਰਟ ਅਗਲੇ ਸਾਲ ਦੀ ਦੂਜੀ ਤਿਮਾਹੀ ਵਿੱਚ ਜਾਰੀ ਕੀਤੀ ਜਾਵੇਗੀ।

CSIRO ਦੇ ਮੁੱਖ ਊਰਜਾ ਅਰਥਸ਼ਾਸਤਰੀ ਅਤੇ ਰਿਪੋਰਟ ਦੇ ਮੁੱਖ ਲੇਖਕ ਪਾਲ ਗ੍ਰਾਹਮ ਦਾ ਕਹਿਣਾ ਹੈ ਕਿ ਪ੍ਰਮਾਣੂ ਊਰਜਾ ਦੀ ਲਾਗਤ ਦੇ ਅਨੁਮਾਨ ਮਹੱਤਵਪੂਰਨ ਹਨ, ਕਿਉਂਕਿ ਇਹ ਅਮਰੀਕਾ ਵਿੱਚ ਇੱਕ ਪ੍ਰਮਾਣੂ ਊਰਜਾ ਪ੍ਰੋਜੈਕਟ ਦੇ ਅਸਲ ਤਜਰਬੇ ‘ਤੇ ਅਧਾਰਤ ਹਨ ਜਿਸ ਨੂੰ ਪਿਛਲੇ ਮਹੀਨੇ ਰੱਦ ਕਰ ਦਿੱਤਾ ਗਿਆ ਸੀ।