(ਸ਼ਹੀਦੀ ਹਫਤੇ ‘ਤੇ ਵਿਸ਼ੇਸ਼)
ਦਾਰਸ਼ਨਿਕ ਯੋਧੋ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂ-ਪਰੀਵਾਰ ਅਤੇ ਉਹਨਾਂ ਦੇ ਸੰਗੀ-ਸਾਥੀਆਂ ਦੀਆਂ ਬੇ-ਜੋੜ ਕੁਰਬਾਨੀਆਂ ਅਤੇ ਸ਼ਹੀਦੀ ਜਲੌਅ ਦੇ ਦਿਨ ਚੱਲ ਰਹੇ ਹਨ। ਸਾਹਿਬਜ਼ਾਦਿਆਂ ਦਾ ਮਹਾਂ- ਸ਼ਹੀਦੀ ਦਿਹਾੜਾ ਲੰਘ ਰਿਹਾ ਹੈ। …. ਕੁੱਝ “ਪ੍ਰਚਾਰਕ”, ਜਿਹੜੇ ਇਤਿਹਾਸ ਨਹੀਂ ਵਾਚਦੇ, ਗੰਗੂ ਦੀ ਆੜ ਵਿੱਚ ਹਰ ਵਰ੍ਹੇ, ਵਿਸ਼ੇਸ਼ ਕਰਕੇ ਇਹਨੀਂ ਦਿਨੀਂ, ਬ੍ਰਾਹਮਣ ਜਾਤ ਨੂੰ ਕੇਂਦਰਤ ਕਰਕੇ ਤਾਅ-ਹਿੰਦੂਆਂ ਵਿਰੁੱਧ ਬਿਰਤਾਂਤ ਸਿਰਜਦੇ ਹਨ, ਉਹਨਾਂ ਨਾਲ ਸਹਿਜ-ਸੰਵਾਦ ਹਿੱਤ, ਜਾਤ-ਧਰਮ ਵਜੋੰ ਨਿਰਲੇਪ ਹੋਣ ਦੇ ਬਾਵਯੂਦ, ਨਾ-ਚਾਹੁੰਦਿਆਂ ਵੀ, ਸਿਰਜੀ ਗਈ ਹੈ ਇਹ ਪੋਸਟ:
(ਅਸੀਂ-ਤੁਸੀਂ; ਤਵਾਰੀਖ ਨੂੰ ਖਿੱਚਕੇ ਆਵਦੇ ਮੇਚ ਦਾ ਨਹੀਂ ਕਰ ਸਕਦੇ, ਸੂਹਾ ਇਤਿਹਾਸ ਹਿੱਕ ਤਾਣ ਕੇ ਸਾਡਾ ਰਾਹ ਰੋਕ ਲਵੇਗਾ। ਗੰਗੂ ਨੂੰ ਨਿੰਦੋ, ਕੋਈ ਉਜਰ ਨਹੀਂ, ਪਰ ਮੇਹਰਬਾਨੀ ਕਰ ਕੇ ਸਿੱਖ ਪੰਥ ਬਨਾਮ ਬ੍ਰਾਹਮਣ ਦਾ ਹਕੀਕੀ ਸਿੱਖ ਇਤਿਹਾਸ ਫਰੋਲਣ ਦਾ ਤਰੱਦਦ ਵੀ ਜਰੂਰ ਕਰੋ, ਜੀ।)
….ਤਾਂ ਜੋ; ਸਨਦ ਰਹੇ ਅਤੇ ਵੇਲੇ ਸਿਰ ਕੰਮ ਆਵੇ, ਸੋ; ਸੰਖੇਪ ( Simbolc ) ਤੌਰ ‘ਤੇ ਕੁੱਝ ਬ੍ਰਾਹਮਣ ਪੁਰਖਿਆ ਦਾ, ਹੇਠਾਂ ਅਨੁਸਾਰ, ਚੇਤਾ ਕਰਵਾਉਣ ਦੀ ਆਗਿਆ ਦਿਓ :
ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਾਹਮਣ ਭਗਤ ਅਤੇ ਬ੍ਰਾਹਮਣ ਭੱਟ ਬਾਣੀਕਾਰ:
ਭਗਤ ਬ੍ਰਾਹਮਣ: ਜੈ ਦੇਵ ਜੀ, ਬੇਣੀ ਜੀ, ਰਾਮਾਨੰਦ ਜੀ, ਪਰਮਾਨੰਦ ਜੀ, ਸੂਰ ਦਾਸ ਜੀ।
ਅਤੇ ਭੱਟ ਬ੍ਰਾਹਮਣ: ਕਲਸਹਾਰ ਜੀ, ਜਾਲਪ ਜੀ, ਕੀਰਤੁ ਜੀ, ਭਿੱਖਾ ਜੀ, ਸੱਲ੍ਹ ਜੀ, ਭਲ੍ਹ ਜੀ, ਨਲ੍ਹ ਜੀ, ਬਲ੍ਹ ਜੀ,ਗਯੰਦ ਜੀ, ਮਥੁਰਾ ਜੀ, ਹਰਿਬੰਸ ਜੀ।
ਗੁਰੂ ਗੋਬਿੰਦ ਸਿੰਘ ਜੀ ਦੇ ਬ੍ਰਾਹਮਣ ਦਰਬਾਰੀ ਕਵੀ: ਕਵੀਜਨ; ਕੁੰਵਰੇਸ਼ ਜੀ, ਗੋਪਾਲ ਜੀ, ਹੰਸ ਰਾਜ ਬਾਜਪੇਈ, ਪੰ. ਦੇਵੀ ਦਾਸ, ਸੁੰਦਰ ਜੀ, ਪੰ. ਬ੍ਰਿਜ ਲਾਲ, ਹਰਿਜਸ ਰਾਇ, ਪੰ. ਮਿੱਠੂ ਜੀ, ਪੰ. ਸੁਖਦੇਵ, ਪਿੰਡੀ ਲਾਲ, ਪੰ. ਨੰਦ ਲਾਲ, ਚੰਦਨ ਜੀ, ਬ੍ਰਿੰਦ ਜੀ, ਅੰਮ੍ਰਿਤ ਰਾਯ ਲਾਹੌਰੀਆ, ਹੀਰ ਭੱਟ, ਬ੍ਰਹਿਮ ਭੱਟ, ਕੇਸੋ ਭੱਟ, ਦੇਸਾ ਜੀ, ਨਰਬਦ ਭੱਟ, ਆਲਮ ਜੀ, ਕਲੂਆ ਭੱਟ, ਬੱਲੂ ਭੱਟ, ਮੱਲੂ ਭੱਟ, ਬੱਲਭ ਜੀ, ਸੁਦਾਮਾ ਜੀ, ਭਾਈ ਚਾਓਪਾ ਜੀ।
ਸਿੱਖੀ/ਸਿੱਖ ਪੰਥ ਨਮਿਤ ਬ੍ਰਾਹਮਣ ਭਾਈਚਾਰੇ ਦੇ ਸੇਵਕ: ਭਾਈ ਗੰਗਾ ਰਾਮ, ਬਾਬਾ ਅਲਮਸਤ ਜੀ, ਬਾਬਾ ਬਾਲੂ ਹਸਣਾ ਜੀ, ਭਾਈ ਚੌਪਤ ਜੀ ( ਪੰ.ਚਾਊਪਾ)
ਗੁਰੂ ਹਰਿਗੋਬਿੰਦ ਜੀ, ਗੂਰੂ ਤੇਗ ਬਹਾਦੁਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਰਲੱਥ ਯੁੱਧ ਸਾਥੀ: ਸ਼ਹੀਦ ਭਾਈ ਜੱਟੂ ਜੀ, ਭਾਈ ਪਿਰਾਗਾ ਜੀ ਸ਼ਹੀਦ, ਭਾਈ ਸਿੰਘਾ ਜੀ ਪਰੋਹਿਤ ਸ਼ਹੀਦ, ਭਾਈ ਜਾਤੀ ਮਲਿਕ, ਭਾਈ ਸੇਵਾ ਦਾਸ, ਭਾਈ ਬੱਠਾ ਜੀ, ਸ਼ਹੀਦ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਸ਼ਹੀਦ। (ਹਰਗੋਬਿੰਦ ਪੁਰ ਢਾਬ /ਅੰਮ੍ਰਿਤਸਰ ਯੁੱਧ, ਚਾਂਦਨੀ ਚੌਂਕ ਸਾਕਾ, ਭੰਗਾਣੀ ਜੰਗ)
ਨਿਰਮੋਹ ਗੜ੍ਹ ਦੇ ਯੋਧੇ/ਸ਼ਹੀਦ: ਦੀਵਾਨ ਦੀਵਾਨ ਸ਼ਹੀਦ ਭਾਈ ਸਾਹਿਬ ਚੰਦ ਜੀ, ਭਾਈ ਰਾਮ ਸਿੰਘ ਕਸ਼ਮੀਰੀ, ਭਾਈ ਸੂਰਤ ਜੀ, ਭਾਈ ਮਥਰਾ, ਭਾਈ ਦਯਾ ਰਾਮ ਪੁਰੋਹਿਤ।
ਚਮਕੌਰ ਸਾਹਿਬ ਦੇ ਜੰਗੀ ਸ਼ਹੀਦ: ਭਾਈ ਅੜੂ ਰਾਮ (ਗੁਰਮੁਖ ਸਿੰਘ), ਭਾਈ ਕਿਰਪਾ ਜੀ (ਕ੍ਰਿਪਾ ਸਿੰਘ), ਭਾਈ ਸਨਮੁਖ ਜੀ ਅਤੇ ਭਾਈ ਮੁਕੰਦ ਸਿੰਘ ਪੁਤਰ ਭਾਈ ਮਤੀ ਦਾਸ ਜੀ।
ਖਿਦਰਾਣਾ/ਮੁਕਤਸਰ: ਸ਼ਹੀਦ ਭਾਈ ਸੁੰਦਰ ਜੀ, ਭਾਈ ਬੂੜ ਜੀ, ਭਾਈ ਕੇਸੋ ਜੀ, ਭਾਈ ਜਾਦੋ ਜੀ।
ਆਲੋਵਾਲ ਦੇ ਭੱਟ ਸ਼ਹੀਦ: ਕੇਸੋ ਜੀ, ਹਰੀ ਜੀ, ਦੇਸਾ ਜੀ, ਨਰਬਦ ਜੀ, ਤਾਰਾ ਜੀ, ਸੇਵਾ ਜੀ, ਦੇਵਾ ਜੀ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਿਰਲੱਥ ਬ੍ਰਾਹਮਣ ਸਾਥੀ: ਸ਼ਹੀਦ ਭਾਈ ਰਾਇ ਸਿੰਘ ਹਜ਼ੂਰੀ, ਭਾਈ ਭੀਮ ਸਿੰਘ ਸ਼ਹੀਦ।
ਜ਼ਕਰੀਆ ਖਾਨ ਨਾਲ ਜੂਝਦੇ ਬ੍ਰਾਹਮਣ ਸ਼ਹੀਦ: ਭਾਈ ਵਿਸਾਵਾ ਸਿੰਘ-ਕੋਇਰ ਸਿੰਘ ਪੁਰੋਹਿਤ ਆਦਿ।
…..ਹੋਰ ਵੇਰਵਾ ਕਿਤੇ ਫੇਰ ਸਹੀ, ਪਰ; ਤੁਸੀਂ ਮੈਨੂੰ ਇਹਨਾਂ ਕਾਵਿ ਸਤਰਾਂ ਨਾਲ ਇਹ ਅਧਿਆਏ ਬੰਦ ਕਰਨ ਦੀ ਵੀ ਆਗਿਆ ਦਿਓ:
ਗਦਾਰ ਵਿਅਕਤੀ ਹੁੰਦਾ ਹੈ, ਕੌਮ ਨਹੀਂ।
ਗੰਗੂ ਦੀ ਗਦਾਰੀ ਤਾ-ਹਿੰਦੂਆਂ ਸਿਰ ਨਾ ਮੜ੍ਹੋ, ਮੀਆਂ।
ਚੰਦਰ ਸ਼ੇਖਰ, ਰਾਜਗੁਰੂ, ਸੁਖਦੇਵ ਕੌਣ ਸਨ ?
ਉਹਨਾਂ ਹਿੰਦੂਆਂ ਦੇ ਜਾਇਆਂ ਦੀ ਵੀ ਚਰਚਾ ਕਰੋ, ਮੀਆਂ।
ਦੇਸ਼ ਭਗਤ ਗਦਰੀਆਂ ਤੇ ਬੱਬਰ ਅਕਾਲੀਆਂ ਨਾਲ ਕਮਾਇਆ ਧ੍ਰੋਹ ਕਿਹਨਾਂ?
ਪੜ੍ਹ ਇਤਿਹਾਸ ਕਰੋ ਵਿਚਾਰ, ਮੀਆਂ।
***
ਗੋਬਿੰਦ ਸਿੰਘ ਜੀ ਨੇ ਸਾਜੀ ਸੀ ਜੋ ਸੂਰਿਆ ਦੀ ਕੌਮ,
ਉਹਦੇ ਵਿਚ ਵੀ ਹੋਏ ਸਨ
ਪਹਾੜਾ ਸਿੰਘ ਜਿਹੇ ਗਦਾਰ।
….ਤੇ ਔਰੰਗੇ ਦੀਆਂ ਵਧੀਕੀਆਂ ਮੜ੍ਹੋ ਨਾ ਮੁਸਲਮਾਨਾ ਸਿਰ,
ਉਹ ਤਾਂ ਸਨ ਇੱਕ ਬਾਦਸ਼ਾਹ ਦੇ ਅੱਤਿਆਚਾਰ।
Attn. ਰਾਜ (State) ਦੇ ਜ਼ੁਲਮ/ਅਨਿਆਂ ਨੂੰ ਹਾਕਮ ਦੀ ਜਾਤ-ਧਰਮ ਨਾਲ ਨਰੜ ਕਰਨਾ ਉਸ ਕੌਮ ਦੀਆਂ ਮਿੱਤਰ-ਧਿਰਾਂ ਨਾਲ, ਅਚੇਤ-ਸੁਚੇਤ, ਸਾਂਝ ਤੋੜਨ ਦਾ ਕਾਰਕ ਬਣ ਜਾਂਦਾ ਹੈ।
ਸ੍ਰੋਤ/ਪੁਸਤਕਾਂ:
1. ਸਿੱਖ ਪੰਥ ਵਿੱਚ ਬ੍ਰਾਹਮਣ ਭਾਈਚਾਰੇ ਦਾ ਯੋਗਦਾਨ (ਇਤਿਹਾਸਕਾਰ ਮਹਿੰਦਰ ਸਿੰਘ ਰਾਹੀ)
2.ਗੁਰੂ-ਘਰ ਦੇ ਬ੍ਰਾਹਮਣ ਸਿੱਖ ਸ਼ਹੀਦ (ਲੇਖਕ-ਗੱਜਣਵਾਲਾ ਸੁਖਮਿੰਦਰ ਸਿੰਘ)
3.ਬ੍ਰਾਹਮਣ ਭਲਾ ਆਖੀਏ (ਕ੍ਰਿਤ- ਇਕਬਾਲ ਸਿੰਘ)
4.ਮਹਾਨ ਕੋਸ਼ (ਭਾਈ ਕਾਹਨ ਸਿੰਘ -ਨਾਭਾ)
5.ਸਿੱਖ ਇਤਿਹਾਸ ਵਿਚ ਬ੍ਰਾਹਮਣ ਸਮਾਜ ਦਾ ਯੋਗਦਾਨ (ਇਤਿਹਾਸਕਾਰ ਸ.ਸ.ਰਾਜਪੂਤ)
6.ਸਿੱਖ ਇਤਿਹਾਸ ਦੇ ਵਿਦਵਾਨ, ਯੋਧੇ ਤੇ ਸ਼ਹੀਦ ਬ੍ਰਾਹਮਣ ( ਖੋਜ ਪੱਤਰ: ਡਾ.ਮਦਨ ਗੋਪਾਲ ਅਚਾਰੀਆ)
7.ਪੰਡਾ ਵਹੀ ਪੰ.ਗੋਬਿੰਦ ਰਾਮ ਛਿੱਬਰ, ਅਹਾਤਾ:ਜੰਦਾਲ, ਹਰਿਦੁਆਰ
ਮੁੱਕਦੀ ਗੱਲ; ਖਰਾ ਜਾਂ ਖੋਟਾ ਵਿਅਕਤੀ ਵਿਸ਼ੇਸ਼ ਹੁੰਦਾ ਹੈ, ਸਮੁੱਚੀ ਜਾਤ-ਧਰਮ ਜਾਂ ਕੌਮ ਨਹੀਂ। ਇਹੀ ਉਹ ਗੱਲ ਹੈ ਜਿਹੜੀ ਫਿਰਕਾਪ੍ਰਸਤਾਂ ਅਤੇ ਦੁਫੇੜਵਾਜਾਂ ਦੇ ਪੱਲੇ ਨਹੀਂ ਪੈਂਦੀ।
…ਸਿੱਖੀ ਪ੍ਰਤੀ ਬਹੁਮਤ ਬ੍ਰਾਹਮਣਾ ਦੀ ਆਸਥਾ ਅਤੇ ਗੰਗੂ ਦੇ ਸਮਕਾਲੀ ਬ੍ਰਾਹਮਣ ਪੁਰਖਿਆਂ ਦੀ ਸਿੱਖ ਪੰਥ ਪ੍ਰਤੀ ਕੀਤੀ ਬੇ-ਜੋੜ ਕੁਰਬਾਨੀ ਨੂੰ ਵੇਖਦੇ/ਵਾਚਦੇ ਹੋਏ, ਮਨੁੱਖੀ ਸਦਭਾਵਨਾ ਹਿੱਤ “ਗੰਗੂ ‘ਬਾਮਣ’ ਦੀ ਬਜਾਏ, ਗੰਗੂ ਰਸੋਈਆ ਕਹਿਣਾ ਬਣਦਾ ਹੈ।” ਇਹੀ ਨੈਤਿਕਤਾ ਅਤੇ ਕੁਦਰਤੀ ਨਿਆਂ ਦਾ ਤਕਾਜ਼ਾ ਹੈ।
ਉਮੀਦ ਹੈ, ਮੇਰੀ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ, ਤੁਸੀਂ ਸਹਿਜ ਸੰਵਾਦ ਰਚਾਓਂਗੇ।
……ਬਹੁਤ ਉਦਾਸ ਹਾਂ, ਮੈਂ।
– ਵਿਜੈ ਬੰਬੇਲੀ