ਮੈਲਬਰਨ: ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਆਪਣੀ ਇਲੈਕਟ੍ਰਿਕ ਕਾਰਾਂ ’ਤੇ ਮਿਲਣ ਵਾਲੀ ਸਬਸਿਡੀ (Electric car subsidy) ਨੂੰ ਖਤਮ ਕਰ ਦਿੱਤਾ ਹੈ। ਪਹਿਲਾਂ ਹੀ ਕਾਰ ਖ਼ਰੀਦ ਚੁੱਕੇ ਜਾਂ ਖ਼ਰੀਦਣਾ ਚਾਹੁਣ ਵਾਲਿਆਂ ਕੋਲ ਦਾਅਵਾ ਕਰਨ ਲਈ 31 ਦਸੰਬਰ, 2023 ਤੱਕ ਦਾ ਸਮਾਂ ਹੈ। ਇਸ ਕਦਮ ਦਾ ਐਲਾਨ 2023/24 ਦੇ ਸਾਲ ਦੇ ਅੱਧ ’ਚ ਬਜਟ ਸਮੀਖਿਆ ਦੇ ਹਿੱਸੇ ਵਜੋਂ ਕੀਤਾ ਗਿਆ। ਖਜ਼ਾਨਚੀ ਸਟੀਫਨ ਮੁਲੀਘਨ ਨੇ ਰਿਪੋਰਟ ‘ਚ ਕਿਹਾ ਕਿ ਸਬਸਿਡੀ ਹਟਾਉਣ ਨਾਲ ਸਰਕਾਰ ਨੂੰ ਦੋ ਸਾਲਾਂ ‘ਚ 1.2 ਕਰੋੜ ਡਾਲਰ ਦੀ ਬਚਤ ਹੋਵੇਗੀ।
ਹਾਲਾਂਕਿ ਸਾਊਥ ਆਸਟ੍ਰੇਲੀਆ ਵਿਚ ਡਰਾਈਵਰਾਂ ਲਈ ਰਜਿਸਟ੍ਰੇਸ਼ਨ ਦੀ ਤਿੰਨ ਸਾਲ ਦੀ ਛੋਟ 30 ਜੂਨ, 2025 ਤੱਕ ਜਾਰੀ ਰਹੇਗੀ। ਇਹ ਛੋਟ 68,750 ਡਾਲਰ ਤੋਂ ਘੱਟ ਸਟਿੱਕਰ ਕੀਮਤ ਵਾਲੀ ਇਲੈਕਟ੍ਰਿਕ ਗੱਡੀ ਖ਼ਰੀਦਣ ’ਤੇ ਮਿਲੇਗੀ, ਜਿਸ ਨਾਲ ਪ੍ਰਤੀ ਸਾਲ 148 ਡਾਲਰ ਦੀ ਬਚਤ ਹੋਵੇਗੀ। ਖਜ਼ਾਨਚੀ ਅਨੁਸਾਰ, ਸਾਊਥ ਆਸਟ੍ਰੇਲੀਆ ’ਚ 7000 ਇਲੈਕਟ੍ਰਿਕ ਗੱਡੀ ਮਾਲਕਾਂ ’ਚੋਂ ਕਰੀਬ 2500 ਨੇ ਹੀ ਅਜੇ ਤਕ ਇਹ ਸਬਸਿਡੀ ਪ੍ਰਾਪਤ ਕੀਤੀ ਹੈ।