ਮੈਲਬਰਨ: ਕਾਮਨਵੈਲਥ ਬੈਂਕ ਨੇ ਅਗਲੇ ਸਾਲ ਅਤੇ ਫਿਰ 2025 ਵਿੱਚ ਵਿਆਜ ਦਰਾਂ (Interest Rates) ’ਚ ਭਾਰੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਪ੍ਰਮੁੱਖ ਬੈਂਕ ਦਾ ਮੰਨਣਾ ਹੈ ਕਿ ਸਤੰਬਰ 2024 ਤੋਂ ਸ਼ੁਰੂ ਹੋਣ ਵਾਲੇ 12 ਮਹੀਨਿਆਂ ਦੌਰਾਨ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨਕਦ ਦਰ ਵਿੱਚ 0.75 ਪ੍ਰਤੀਸ਼ਤ ਦੀ ਕਟੌਤੀ ਕਰੇਗਾ। ਇਸ ਦਾ ਮਤਲਬ ਹੈ ਕਿ ਵਿਆਜ ਦਰਾਂ 2024 ਦੇ ਅੰਤ ਤੱਕ 4.35 ਪ੍ਰਤੀਸ਼ਤ ਤੋਂ ਘਟ ਕੇ 3.6 ਪ੍ਰਤੀਸ਼ਤ ਹੋ ਸਕਦੀਆਂ ਹਨ।
CBA ਦਾ ਅਨੁਮਾਨ ਹੈ ਕਿ 2025 ਵਿਚ ਵਿਆਜ ਦਰਾਂ ਵਿਚ 0.75 ਪ੍ਰਤੀਸ਼ਤ ਦੀ ਹੋਰ ਕਟੌਤੀ ਕੀਤੀ ਜਾਵੇਗੀ, ਕਿਉਂਕਿ ਮਹਿੰਗਾਈ ਦਰ RBA ਦੇ 2 ਤੋਂ 3 ਪ੍ਰਤੀਸ਼ਤ ਦੇ ਟੀਚੇ ਦੇ ਘੇਰੇ ਵਿਚ ਵਾਪਸ ਆ ਗਈ ਹੈ। ਜੇਕਰ ਅਨੁਮਾਨ ਸਹੀ ਹੁੰਦਾ ਹੈ ਤਾਂ 2025 ਦੇ ਅੰਤ ਤੱਕ ਵਿਆਜ ਦਰ 2.85 ਫੀਸਦੀ ‘ਤੇ ਪਹੁੰਚ ਜਾਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਨਕਦੀ ਦਰ ਡਿੱਗਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਕਾਮਨਵੈਲਥ ਬੈਂਕ ਦੇ ਮੁੱਖ ਅਰਥਸ਼ਾਸਤਰੀ ਸਟੀਫਨ ਹੈਲਮਾਰਕ ਨੇ ਕਿਹਾ ਘਰੇਲੂ ਖਰਚਿਆਂ ‘ਚ ਕਮੀ ਕਾਰਨ ਆਸਟ੍ਰੇਲੀਆ ਦੀ ਅਰਥਵਿਵਸਥਾ ਹੌਲੀ ਹੁੰਦੀ ਜਾ ਰਹੀ ਹੈ ਪਰ ਮਹਿੰਗਾਈ ‘ਚ ਵੀ ਕਮੀ ਆ ਰਹੀ ਹੈ। ਵਿਆਜ ਦਰਾਂ ਘਟਣ ਨਾਲ ਲੋਕਾਂ ਦੇ ਕਰਜ਼ ਦੀ ਕਿਸ਼ਤ ’ਚ ਕਮੀ ਆਵੇਗੀ। ਮਈ 2022 ਤੋਂ ਲੈ ਕੇ ਹੁਣ ਤੱਕ ਵਿਆਜ ਦਰਾਂ ਵਿੱਚ 13 ਵਾਰ ਵਾਧੇ ਦੇ ਨਤੀਜੇ ਵਜੋਂ ਔਸਤਨ ਆਸਟ੍ਰੇਲੀਆਈ ਪਰਿਵਾਰਾਂ ਨੇ ਵਿਆਜ ਵਿੱਚ 24,000 ਡਾਲਰ ਤੋਂ ਜ਼ਿਆਦਾ ਦਾ ਵਾਧੂ ਭੁਗਤਾਨ ਕੀਤਾ ਹੈ।