ਮੈਲਬਰਨ: ਤਕਨਾਲੋਜੀ ਦੇ ਖੇਤਰ ’ਚ ਦੁਨੀਆਂ ਦੀ ਸਭ ਤੋਂ ਮਸ਼ਹੂਰ ਕੰਪਨੀ Apple ਪੇਟੈਂਟ ਵਿਵਾਦ ’ਚ ਵੱਡਾ ਝਟਕਾ ਲੱਗਾ ਹੈ। ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਅਤੇ ਵਿਕਰੀ ਦੇ ਸਭ ਤੋਂ ਵੱਡੇ ਮੌਸਮ ’ਚ Apple ਨੂੰ ਅਮਰੀਕਾ ਅੰਦਰ ਆਪਣੇ ਕੁਝ ਸਭ ਤੋਂ ਵੱਧ ਵਿਕਣ ਵਾਲੇ ਡਿਵਾਈਸਾਂ ਨੂੰ ਬਾਜ਼ਾਰ ਤੋਂ ਹਟਾ ਦਿੱਤਾ ਜਾਵੇਗਾ। Apple Watch ਸੀਰੀਜ਼ 9 ਅਤੇ ਅਲਟਰਾ 2 ਦੀ ਵਿਕਰੀ 21 ਦਸੰਬਰ ਨੂੰ ਕੰਪਨੀ ਦੇ ਆਨਲਾਈਨ ਸਟੋਰ ’ਤੇ ਬੰਦ ਹੋ ਜਾਵੇਗੀ ਜਦਕਿ ਅਤੇ ਕ੍ਰਿਸਮਸ ਦੀ ਪੂਰਵ ਸੰਧਿਆ ਤੋਂ ਇਸ ਦੇ ਆਫ਼ਲਾਈਨ ਸਟੋਰਾਂ ’ਚ ਵੀ ਵਿਕਰੀ ਰੋਕ ਦਿੱਤੀ ਜਾਵੇਗੀ।
ਇਸ ਪਾਬੰਦੀ ਦਾ ਕਾਰਨ Apple Watch ’ਚ ਲੱਗਿਆ ਬਲੱਡ ਆਕਸੀਜਨ ਸੈਂਸਰ ਹੈ, ਜਿਸ ਨੂੰ ਪਹਿਲੀ ਵਾਰ 2020 ‘ਚ ਇਸ ਲਾਈਨ-ਅਪ ‘ਚ ਸ਼ਾਮਲ ਕੀਤਾ ਗਿਆ ਸੀ। ਅੰਤਰਰਾਸ਼ਟਰੀ ਵਪਾਰ ਕਮਿਸ਼ਨ (ਆਈ.ਟੀ.ਸੀ.) ਨੇ ਅਕਤੂਬਰ ਵਿਚ ਫੈਸਲਾ ਸੁਣਾਇਆ ਸੀ ਕਿ ਐਪਲ ਨੇ ਮਾਸੀਮੋ ਪੇਟੈਂਟ ਦੀ ਉਲੰਘਣਾ ਕੀਤੀ ਹੈ ਅਤੇ ਉਲੰਘਣਾ ਕਰਨ ਵਾਲੇ ਉਪਕਰਣਾਂ ਦੀ ਵਿਕਰੀ ਨੂੰ ਰੋਕਣ ਦੀ ਜ਼ਰੂਰਤ ਹੋਵੇਗੀ। ਪੇਟੈਂਟ ਇਸ ਗੱਲ ਨਾਲ ਸਬੰਧਤ ਹਨ ਕਿ Apple Watch ਕਿਸੇ ਵਿਅਕਤੀ ਦੇ ਖੂਨ ਵਿਚਲੀ ਆਕਸੀਜਨ ਦੀ ਗਿਣਤੀ ਕਿਵੇਂ ਕਰਦੀਆਂ ਹਨ।
ਹੁਣ ਇਸ ਹੁਕਮ ਦੀ ਰਾਸ਼ਟਰਪਤੀ ਸਮੀਖਿਆ ਚੱਲ ਰਹੀ ਹੈ। ਕੰਪਨੀ ਨੇ ਕਿਹਾ ਕਿ ਸਮੀਖਿਆ ਦੀ ਮਿਆਦ 25 ਦਸੰਬਰ ਤੱਕ ਖਤਮ ਨਹੀਂ ਹੋਵੇਗੀ ਪਰ Apple ਇਸ ਦੀ ਪਾਲਣਾ ਕਰਨ ਲਈ ਕਦਮ ਚੁੱਕ ਰਹੀ ਹੈ।
ਉਧਰ ਮਾਸਿਮੋ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਾਬੰਦੀ ਦਰਸਾਉਂਦੀ ਹੈ ਕਿ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਕੰਪਨੀ ਨੂੰ ਵੀ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।