1 ਤਰੀਕ ਤੋਂ ਮਹਿੰਗਾ ਹੋਵੇਗਾ ਆਸਟ੍ਰੇਲੀਆ ਦਾ ਪਾਸਪੋਰਟ (Passport), ਜਾਣੋ ਨਵੇਂ ਜਾਂ ਰੀਨਿਊ ਪਾਸਪੋਰਟ ਦੀ ਨਵੀਂ ਕੀਮਤ

ਮੈਲਬਰਨ: ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਅਗਲੇ ਸਾਲ ਤੋਂ ਨਵੇਂ ਜਾਂ ਰੀਨਿਊ ਕੀਤੇ ਪਾਸਪੋਰਟਾਂ (Passport) ਲਈ 65 ਡਾਲਰ ਦਾ ਵਾਧੂ ਭੁਗਤਾਨ ਕਰਨਾ ਪਵੇਗਾ, ਜਿਸ ਨਾਲ ਪਹਿਲਾਂ ਹੀ ਦੁਨੀਆਂ ਦੇ ਸਭ ਤੋਂ ਮਹਿੰਗੇ ਪਾਸਪੋਰਟਾਂ ਵਿਚੋਂ ਇਕ ਦੀ ਕੀਮਤ ਵਧ ਜਾਵੇਗੀ। ਇਸ ਵੇਲੇ ਬਾਲਗਾਂ ਲਈ 10 ਸਾਲ ਦੇ ਪਾਸਪੋਰਟ ਲਈ 325 ਡਾਲਰ ਅਤੇ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ 5 ਸਾਲ ਦੇ ਪਾਸਪੋਰਟ ਲਈ 164 ਡਾਲਰ ਦੇਣੇ ਪੈ ਰਹੇ ਹਨ, ਜੋ ਕਿ 2024 ਵਿੱਚ ਵਧ ਜਾਣਗੇ।

ਸਭ ਤੋਂ ਪਹਿਲਾਂ 1 ਜਨਵਰੀ ਨੂੰ ਸਾਲਾਨਾ ‘ਰਹਿਣ ਦੀ ਲਾਗਤ’ ਵਿਚ ਵਾਧਾ ਹੋਵੇਗਾ, ਜੋ ਖਪਤਕਾਰ ਮੁੱਲ ਸੂਚਕ ਅੰਕ ਨਾਲ ਜੁੜਿਆ ਹੋਇਆ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ 2023 ਦੇ ਤਾਜ਼ਾ ਸੀ.ਪੀ.ਆਈ. ਅੰਕੜਿਆਂ ’ਚ 5.4٪ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ 10 ਸਾਲ ਦੀ ਮਿਆਦ ਲਈ ਬਾਲਗ ਪਾਸਪੋਰਟ ਦੀ ਕੀਮਤ ਲਗਭਗ 340 ਡਾਲਰ ਹੋ ਜਾਵੇਗੀ।

ਇਸ ਤੋਂ ਇਲਾਵਾ ਖਜ਼ਾਨਚੀ ਜਿਮ ਚੈਲਮਰਜ਼ ਨੇ ਅੱਜ ਪੁਸ਼ਟੀ ਕੀਤੀ ਕਿ 50 ਡਾਲਰ ਦਾ ਦੂਜਾ ਵਾਧਾ 1 ਜੁਲਾਈ ਤੋਂ ਲਾਗੂ ਹੋਵੇਗਾ, ਜਿਸ ਨਾਲ 10 ਸਾਲ ਦੇ ਆਸਟ੍ਰੇਲੀਆਈ ਬਾਲਗ ਪਾਸਪੋਰਟ ਦੀ ਕੀਮਤ ਲਗਭਗ 400 ਡਾਲਰ ਹੋ ਜਾਵੇਗੀ। ਚੈਲਮਰਜ਼ ਨੇ ਕਿਹਾ ਕਿ ਇਸ ਵਾਧੇ ਨਾਲ ਆਸਟ੍ਰੇਲੀਆ ਦੇ ‘ਆਰ ਸੀਰੀਜ਼’ ਪਾਸਪੋਰਟ ਬਣਾਉਣ ਦੀ ਵਧੀ ਹੋਈ ਲਾਗਤ ਨੂੰ ਪੂਰਾ ਕਰਨ ਲਈ ਤਿੰਨ ਸਾਲਾਂ ਵਿੱਚ 349 ਮਿਲੀਅਨ ਡਾਲਰ ਇਕੱਠੇ ਕੀਤੇ ਜਾਣਗੇ।