ਮੈਲਬਰਨ: ਹਰ ਸਾਲ ਹਜ਼ਾਰਾਂ ਲੋਕ ਸਫ਼ਰ ਦੌਰਾਨ ਜਲਦਬਾਜ਼ੀ ’ਚ ਆਪਣੀਆਂ ਚੀਜ਼ਾਂ ਕੈਬ ਅੰਦਰ ਹੀ ਭੁੱਲ ਜਾਂਦੇ ਹਨ, ਪਰ ਮੈਲਬਰਨ ਦੇ ਇੱਕ ਸਿੱਖ ਕੈਬ ਡਰਾਈਵਰ ਦੀ ਹੈਰਾਨੀ ਦੀ ਹੱਦ ਉਦੋਂ ਨਹੀਂ ਰਹੀ ਜਦੋਂ ਉਸ ਨੂੰ ਆਪਣੀ ਕੈਬ ਦੀ ਪਿਛਲੀ ਸੀਟ ’ਤੇ ਪਏ 8 ਹਜ਼ਾਰਾਂ ਡਾਲਰ ਮਿਲੇ।
ਚਰਨਜੀਤ ਸਿੰਘ ਅਟਵਾਲ ਤਿੰਨ ਦਹਾਕਿਆਂ ਤੋਂ ਕੈਬ ਚਲਾ ਰਿਹਾ ਹੈ ਪਰ ਉਸ ਨੇ ਕਦੇ ਐਨੇ ਡਾਲਰ ਕੈਬ ’ਚ ਛੱਡੇ ਹੋਏ ਨਹੀਂ ਵੇਖੇ। ਹਾਲਾਂਕਿ ਇਨ੍ਹਾਂ ਡਾਲਰਾਂ ਨੂੰ ਆਪਣੇ ਸਮਝ ਕੇ ਦੱਬ ਲੈਣ ਦੀ ਬਜਾਏ ਉਸ ਨੇ ਇਨ੍ਹਾਂ ਬਾਰੇ ਪੁਲਿਸ ਨੂੰ ਸੂਚਨਾ ਦੇਣਾ ਬਿਹਤਰ ਸਮਝਿਆ।
ਉਸ ਦੀ ਇਸ ਇਮਾਨਦਾਰੀ ਲਈ ਭਰਵੀਂ ਤਾਰੀਫ਼ ਹੋ ਰਹੀ ਹੈ ਅਤੇ ਮੀਡੀਆ ’ਚ ਉਸ ਦੀ ਇੰਟਰਵਿਊ ਵੀ ਆਈ। ਮੀਡੀਆ ਨਾਲ ਗੱਲਬਾਤ ਦੌਰਾਨ ਚਰਨਜੀਤ ਨੇ ਕਿਹਾ ਕਿ ਰਕਮ ਵਾਪਸ ਮਿਲਣ ’ਤੇ ਉਸ ਨੂੰ ਕਿਸੇ ਨੇ ਕੋਈ ਇਨਾਮ ਦੇਣ ਦੀ ਪਹਿਲ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਆਪਣਾ ਫ਼ਰਜ਼ ਨਿਭਾਉਣ ਲਈ ਕਿਸੇ ਇਨਾਮ ਦੀ ਲੋੜ ਹੈ। ਹਾਲਾਂਕਿ ਸੋਸ਼ਲ ਮੀਡੀਆ ’ਤੇ ਖ਼ਬਰ ਫੈਲਣ ਤੋਂ ਬਾਅਦ ਚਰਨਜੀਤ ਸਿੰਘ ਅਟਵਾਲ ਦੀ ਇਮਾਨਦਾਰੀ ਦੀ ਤਾਰੀਫ਼ ਹੋ ਰਹੀ ਹੈ।
ਕੈਬ ’ਚ ਭੁੱਲੇ ਸਾਮਾਨ ਕਿੰਝ ਲਈਏ ਵਾਪਸ
ਹਰ ਸਾਲ ਹਜ਼ਾਰਾਂ ਲੋਕ ਇਸੇ ਤਰ੍ਹਾਂ ਆਪਣਾ ਸਾਮਾਨ ਕੈਬ ’ਚ ਸਫ਼ਰ ਕਰਦੇ ਸਮੇਂ ਭੁੱਲ ਜਾਂਦੇ ਹਨ। ਜੇਕਰ ਤੁਸੀਂ ਵੀ ਕਦੇ ਇਸੇ ਤਰ੍ਹਾਂ ਦੀ ਭੁੱਲ ਕਰ ਬੈਠੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕੈਬ ਕੰਪਨੀ ਨੂੰ ਸੰਪਰਕ ਕਰਨਾ ਚਾਹੀਦਾ ਹੈ। ਜ਼ਿਆਦਾਤਰ ਮਾਮਲਿਆਂ ’ਚ ਸਾਮਾਨ ਆਸਾਨੀ ਨਾਲ ਵਾਪਸ ਮਿਲ ਜਾਂਦਾ ਹੈ ਅਤੇ ਜੇਕਰ ਕੋਈ ਸਾਮਾਨ ਵਾਪਸ ਲੈਣ ਨਾ ਆਵੇ ਤਾਂ ਕੈਬ ਕੰਪਨੀ ਵੱਲੋਂ ਇਸ ਨੂੰ ਚੈਰਿਟੀ ਲਈ ਭੇਜ ਦਿੱਤਾ ਜਾਂਦਾ ਹੈ।