ਮੈਲਬਰਨ: ਤੇਜ਼ੀ ਨਾਲ ਪੈਰ ਪਸਾਰ ਰਹੀ ਬਨਾਉਟੀ ਬੁੱਧੀ ਜਾਂ AI (Artificial Intelligence) ਆਉਣ ਵਾਲੇ ਸਮੇਂ ’ਚ ਮਨੁੱਖਾਂ ਦੀ ਥਾਂ ਲੈਣ ਜਾ ਰਹੀ ਹੈ। ਫਿਊਚਰ ਸਕਿੱਲਜ਼ ਆਰਗੇਨਾਈਜ਼ੇਸ਼ਨ ਦੀ ਸਟੱਡੀ ਵਿੱਚ ਪਾਇਆ ਗਿਆ ਹੈ ਕਿ ਫ਼ਾਈਨਾਂਸ, ਬੈਂਕਿੰਗ ਅਤੇ ਮਨੁੱਖੀ ਸਰੋਤਾਂ (Human Resources) ਵਿੱਚ ਨੌਕਰੀਆਂ ਦੇ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਕਾਰਨ ਸਭ ਤੋਂ ਛੇਤੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਸਟੱਡੀ ਵਿੱਚ ਕਿਹਾ ਗਿਆ ਹੈ ਕਿ ਉੱਚ ਸਿੱਖਿਆ ਪ੍ਰਾਪਤ ਲੋਕਾਂ ਦੀਆਂ ਨੌਕਰੀਆਂ AI ਵੱਲੋਂ ਸਭ ਤੋਂ ਪਹਿਲਾਂ ਖੋਹੇ ਜਾਣ ਦਾ ਖ਼ਤਰਾ ਹੈ ਜਿੱਥੇ AI ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਿਪੋਰਟ ਸੁਝਾਅ ਦਿੰਦੀ ਹੈ ਕਿ ਇਸ ਤਬਦੀਲੀ ਦਾ ਸਾਹਮਣਾ ਕਰਨ ਲਈ ਵਰਕਰਾਂ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ ਜਿਸ ਲਈ ਉੱਚ ਸਿੱਖਿਆ ਕੋਰਸਾਂ ਦਾ ਤੇਜ਼ੀ ਨਾਲ ਵਿਕਾਸ ਹੋਣਾ ਚਾਹੀਦਾ ਹੈ।
ਹੱਥੀਂ ਕੀਤੇ ਜਾਣ ਵਾਲੇ ਕੰਮਾਂ ਨੂੰ ਅਜੇ AI ਤੋਂ ਖ਼ਤਰਾ ਨਹੀਂ
ਅਧਿਐਨ ਵਿੱਚ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਕੁਝ ਮੈਨੁਅਲ, ਘੱਟ ਅਤੇ ਦਰਮਿਆਨੇ ਹੁਨਰ ਵਾਲੀਆਂ ਨੌਕਰੀਆਂ ਨੂੰ ਵੀ AI ਦੀ ਵਰਤੋਂ ਕਰ ਕੇ ਖ਼ਤਮ ਕੀਤਾ ਜਾਵੇਗਾ, ਪਰ ਇਸ ਵਿੱਚ ਵਧੇਰੇ ਸਮਾਂ ਲੱਗੇਗਾ ਕਿਉਂਕਿ ਤਕਨਾਲੋਜੀ ਨੂੰ ਵਧੇਰੇ ਭਰੋਸੇਮੰਦ ਅਤੇ ਘੱਟ ਗਲਤੀਆਂ ਕਰਨ ਦੇ ਯੋਗ ਬਣਾਉਣ ’ਚ ਅਜੇ ਸਮਾਂ ਲੱਗੇਗਾ। AI ਆਟੋਮੇਸ਼ਨ ਕਾਰਨ ਬਹੁਤ ਜ਼ਿਆਦਾ ਖ਼ਤਰੇ ’ਚ ਪੈਣ ਵਾਲੀਆਂ ਨੌਕਰੀਆਂ ’ਚ ਕਾਲ ਸੈਂਟਰ ਆਪਰੇਟਰ, ਰਿਸੈਪਸ਼ਨਿਸਟ ਅਤੇ ਕਲਰਕ ਸ਼ਾਮਲ ਸਨ।
ਟੈਕ ਕੌਂਸਲ ਨੇ ਭਵਿੱਖਬਾਣੀ ਕੀਤੀ ਹੈ ਕਿ ਆਸਟ੍ਰੇਲੀਆ ਵਿਚ ਜਨਰੇਟਿਵ AI ਤਕਨਾਲੋਜੀ ਦੀ ਵਰਤੋਂ 2030 ਵਿਚ ਅਰਥਵਿਵਸਥਾ ਨੂੰ 115 ਅਰਬ ਡਾਲਰ ਤੱਕ ਵਧਾ ਸਕਦੀ ਹੈ ਜੇ ਕਾਰੋਬਾਰ ਇਸ ਦੀ ਵਰਤੋਂ ਨੂੰ ਅਪਣਾਉਂਦੇ ਹਨ, ਪਰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਕੰਪਨੀਆਂ ਹੌਲੀ-ਹੌਲੀ ਤਕਨਾਲੋਜੀ ਨੂੰ ਅਪਣਾਉਂਦੀਆਂ ਹਨ ਤਾਂ ਇਹ ਸਿਰਫ 45 ਅਰਬ ਡਾਲਰ ਦਾ ਵਾਧਾ ਕਰ ਸਕਦੀ ਹੈ।