ਮੈਲਬਰਨ: ਨਿਊਟ੍ਰੀਐਂਟਸ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਤ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਚਿੱਟੀ ਬਰੈੱਡ (White Bread) ਅਤੇ ਅਲਕੋਹਲ ਦਾ ਸੇਵਨ ਕਰਨ ਨਾਲ ਕੋਲੋਰੈਕਟਲ ਕੈਂਸਰ (ਸੀ.ਆਰ.ਸੀ.) ਹੋਣ ਦਾ ਖਤਰਾ ਵਧ ਸਕਦਾ ਹੈ, ਜਿਸ ਨੂੰ ਅੰਤੜੀਆਂ ਦੇ ਕੈਂਸਰ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਅਧਿਐਨ ਚੀਨ ਦੀ ਝੇਜਿਆਂਗ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਖੋਜਕਰਤਾਵਾਂ ਵੱਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ 139 ਕਿਸਮ ਦੇ ਭੋਜਨਾਂ ਅਤੇ ਅੰਤੜੀਆਂ ਦਾ ਕੈਂਸਰ ਹੋਣ ’ਤੇ ਉਨ੍ਹਾਂ ਦੇ ਅਸਰ ਦਾ ਵਿਸ਼ਲੇਸ਼ਣ ਕੀਤਾ।
ਅਧਿਐਨ ਵਿੱਚ ਯੂ.ਕੇ. ਬਾਇਓਬੈਂਕ ਸਮੂਹ ਦੇ 118,210 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੇ ਆਪਣੇ ਭੋਜਨ ਦੀ ਖਪਤ ਬਾਰੇ ਆਨਲਾਈਨ ਪ੍ਰਸ਼ਨਾਵਲੀਆਂ ’ਚ ਪੁੱਛੇ ਸਵਾਲਾਂ ਦਾ ਜਵਾਬ ਦਿੱਤਾ। 12.8 ਸਾਲਾਂ ਦੇ ਔਸਤਨ ਫਾਲੋਅੱਪ ਤੋਂ ਬਾਅਦ, ਖੋਜਕਰਤਾਵਾਂ ਨੇ ਪਛਾਣ ਕੀਤੀ ਕਿ White Bread ਅਤੇ ਅਲਕੋਹਲ ਦੋਵੇਂ ਅੰਤੜੀਆਂ ਦੇ ਕੈਂਸਰ ਦੇ ਖਤਰੇ ਨੂੰ ਵਧਾਉਂਦੇ ਹਨ, ਜਦਕਿ ਛੇ ਹੋਰ ਵਿਟਾਮਿਨ ਅਤੇ ਖਣਿਜ – ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਮੈਂਗਨੀਜ਼ ਅਤੇ ਕਾਰਬੋਹਾਈਡਰੇਟ – ਸੀ.ਆਰ.ਸੀ. ਹੋਣ ਦੇ ਖ਼ਤਰੇ ਨੂੰ ਘਟਾਉਂਦੇ ਹਨ।
ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸਮੁੱਚਾ ਖ਼ਤਰਾ ਕੁਝ ਆਣੁਵੰਸ਼ਿਕ ਵਿਸ਼ੇਸ਼ਤਾਵਾਂ ਦੇ ਮਿਸ਼ਰਣ ਦੇ ਨਾਲ-ਨਾਲ ਖੁਰਾਕ ਅਤੇ ਜੀਵਨਸ਼ੈਲੀ ਦੀਆਂ ਆਦਤਾਂ ਦੋਵਾਂ ਤੋਂ ਪ੍ਰਭਾਵਿਤ ਸੀ। ਇੱਕ ਮੈਡੀਕਲ ਓਨਕੋਲੋਜਿਸਟ ਅਤੇ ਕੋਲੋਰੈਕਟਲ ਕੈਂਸਰ ਮਾਹਰ ਮਿਸਾਗ ਕਰੀਮੀ ਨੇ ਇੱਕ ਸਿਹਤਮੰਦ ਜੀਵਨਸ਼ੈਲੀ ਅਤੇ ਖੁਰਾਕ ਦੀਆਂ ਆਦਤਾਂ ਨੂੰ ਅਪਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜਿਸ ਵਿੱਚ ਸ਼ਰਾਬ ਦੀ ਖਪਤ ਨੂੰ ਸੀਮਤ ਕਰਨਾ ਅਤੇ ਕੈਂਸਰ ਦੇ ਜੋਖਮ ਨੂੰ ਘਟਾਉਣ ਲਈ ਉੱਚ ਰੇਸ਼ੇ (High Fibre) ਵਾਲੇ ਭੋਜਨਾਂ ਨਾਲ ਭਰਪੂਰ ਖੁਰਾਕ ਦੀ ਚੋਣ ਕਰਨਾ ਸ਼ਾਮਲ ਹੈ।
ਅੰਤੜੀਆਂ ਦਾ ਕੈਂਸਰ 2018 ਵਿੱਚ ਆਸਟ੍ਰੇਲੀਆ ਵਿੱਚ ਤੀਜਾ ਸਭ ਤੋਂ ਵੱਧ ਫੈਲਿਆ ਕੈਂਸਰ ਸੀ, ਅਤੇ 2020 ਵਿੱਚ ਆਸਟ੍ਰੇਲੀਆ ਵਿੱਚ ਕੈਂਸਰ ਕਾਰਨ ਮੌਤਾਂ ਦਾ ਦੂਜਾ ਸਭ ਤੋਂ ਆਮ ਕਾਰਨ ਸੀ। ਇਸ ਕੈਂਸਰ ਦੇ ਕੁਝ ਆਮ ਲੱਛਣਾਂ ਵਿੱਚ ਪਖਾਨੇ ਜਾਣ ਦੀਆਂ ਆਦਤਾਂ ’ਚ ਤਬਦੀਲੀ, ਮਲ ਵਿੱਚ ਖੂਨ, ਪੇਟ ਵਿੱਚ ਦਰਦ, ਕੜਵੱਲ, ਫੁੱਲਣਾ, ਭਾਰ ਘਟਣਾ, ਗੁਦਾ ਵਿੱਚ ਗੰਢਾਂ, ਅਸਪਸ਼ਟ ਥਕਾਵਟ, ਅਤੇ ਪਿਸ਼ਾਬ ਵਿੱਚ ਖੂਨ ਸ਼ਾਮਲ ਹਨ।