ਆਸਟ੍ਰੇਲੀਆਈ ਪਿਤਾ ਨੂੰ ਭਾਰਤ ’ਚ ਸਰੋਗੇਸੀ (Surrogacy) ਰਾਹੀਂ ਪੈਦਾ ਹੋਏ ਬੱਚੇ ਦੀ ਕਾਨੂੰਨੀ ਸਰਪ੍ਰਸਤੀ ਮਿਲੀ

ਮੈਲਬਰਨ: ਭਾਰਤ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰੋਗੇਸੀ (Surrogacy) ਰਾਹੀਂ ਜਨਮੇ ਤਿੰਨ ਸਾਲ ਦੇ ਬੱਚੇ ਅਤੇ ਉਸ ਦੇ ਜੈਵਿਕ ਪਿਤਾ ਨੂੰ ਆਸਟ੍ਰੇਲੀਆ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਇੱਕ ਮਹੱਤਵਪੂਰਨ ਫੈਸਲਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਇੱਕ ਸਿੰਗਲ ਜੈਵਿਕ ਪਿਤਾ ਨੂੰ ਸਰੋਗੇਸੀ ਰਾਹੀਂ ਪੈਦਾ ਹੋਏ ਬੱਚੇ ਦੀ ਕਾਨੂੰਨੀ ਸਰਪ੍ਰਸਤੀ ਦਿੱਤੀ ਗਈ ਹੈ।

ਭਾਰਤ ਵਿੱਚ ਸਰੋਗੇਸੀ ਕਾਨੂੰਨਾਂ ਦੀ ਅਸਪਸ਼ਟਤਾ ਨੂੰ ਦੇਖਦੇ ਹੋਏ, ਬੱਚੇ ਦੀ ਕਾਨੂੰਨੀ ਸਥਿਤੀ ਬਾਰੇ ਆਸਟਰੇਲੀਆਈ ਸਰਕਾਰ ਦੇ ਇਤਰਾਜ਼ਾਂ ਕਾਰਨ ਇਹ ਕੇਸ ਅਦਾਲਤ ਵਿੱਚ ਆਇਆ ਸੀ। ਪਿਤਾ, ਜਿਸ ਦੀ ਉਮਰ 35 ਸਾਲ ਹੈ, ਨੇ ਬੱਚੇ ਨੂੰ ਆਸਟ੍ਰੇਲੀਆ ਲੈ ਜਾਣ ਦੀ ਇਜਾਜ਼ਤ ਮੰਗੀ ਕਿਉਂਕਿ ਉਹੀ ਬੱਚੇ ਦਾ ਇੱਕੋ-ਇੱਕ ਸਰਪ੍ਰਸਤ ਹੈ ਅਤੇ ਸਰੋਗੇਟ ਮਾਂ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਸੀ।

ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬੱਚੇ ਦਾ ਭਵਿੱਖ ਦਾਅ ’ਤੇ ਹੈ ਅਤੇ ਪਿਤਾ ਬੱਚੇ ਦੀ ਪਰਵਰਿਸ਼ ਲਈ ਬਿਹਤਰ ਸਥਿਤੀ ਵਿੱਚ ਹੋਣਗੇ। ਅਦਾਲਤ ਨੇ ਪਿਤਾ ਨੂੰ ਇਕਲੌਤਾ ਕਾਨੂੰਨੀ ਸਰਪ੍ਰਸਤ ਐਲਾਨ ਕੀਤਾ, ਉਸ ਨੂੰ ਬੱਚੇ ਦੀ ਪੂਰੀ ਕਾਨੂੰਨੀ ਹਵਾਲਗੀ ਦਿੱਤੀ, ਇਹ ਨਿਰਧਾਰਤ ਕਰਨ ਦਾ ਅਧਿਕਾਰ ਦਿੱਤਾ ਕਿ ਬੱਚਾ ਕਿੱਥੇ ਰਹੇਗਾ, ਅਤੇ ਉਸ ਨੂੰ ਭਾਰਤ ਤੋਂ ਬਾਹਰ ਲਿਜਾਣ ਦਾ ਅਧਿਕਾਰ ਦਿੱਤਾ ਗਿਆ ਹੈ।

ਉਸ ਦਾ ਪਾਲਣ-ਪੋਸ਼ਣ ਉਸ ਦੀ 60 ਸਾਲ ਦੀ ਦਾਦੀ ਕਰ ਰਹੀ ਸੀ। ਅਦਾਲਤ ਨੇ ਕਿਹਾ ਕਿ ਉਹ ਅਜਿਹੀ ਸਥਿਤੀ ਦੀ ਇਜਾਜ਼ਤ ਨਹੀਂ ਦੇਵੇਗੀ ਜਿੱਥੇ ਕੋਈ ਬੱਚਾ ਬੇਸਹਾਰਾ, ਤਿਆਗਿਆ ਜਾਂ ਖ਼ੁਦ ਦੇ ਸਹਾਰੇ ਛੱਡ ਦਿੱਤਾ ਜਾਵੇ।