ਮੈਲਬਰਨ: ਅਮੀਰ ਲੋਕਾਂ ਵਲੋਂ ਕੂੜੇ (Trash) ’ਚ ਸੁੱਟੀਆਂ ਕੰਮ ਦੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਇੱਕ ਸਿਡਨੀ ਵਾਸੀ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਿਹਾ ਹੈ। 30 ਸਾਲ ਦੇ ਲਿਓਨਾਰਡੋ ‘ਲੀਓ’ ਅਰਬਾਨੋ ਨੇ ਜਦੋਂ ਇੱਕ ਦਿਨ ਵੇਖਿਆ ਕਿ ਇੱਕ ਕੂੜੇ ਵਾਲਾ ਟਰੱਕ ਸੜਕ ਕਿਨਾਰੇ ਪਏ ਠੀਕ-ਠਾਕ ਸਮਾਨ ਦੀ ਤੋੜਭੰਨ ਕਰ ਰਿਹਾ ਹੈ ਤਾਂ ਉਸ ਨੇ ਸੋਚਿਆ ਕਿ ਇਹ ਪੈਸੇ ਦੀ ਬਹੁਤ ਵੱਡੀ ਬੇਕਦਰੀ ਹੈ। ਉਸੇ ਦਿਨ ਤੋਂ ਉਹ ਸੁੱਟੀਆਂ ਗਈਆਂ ਕੰਮ ਦੀਆਂ ਚੀਜ਼ਾਂ ਲਈ ਦਸਤਾਨੇ ਪਾ ਕੇ ਗਲੀਆਂ ਵਿੱਚ ਘੁੰਮਦਾ ਫਿਰਦਾ ਹੈ, ਅਤੇ ਉਸ ਨੂੰ ਕੂੜੇ ਦੇ ਵਿਚਕਾਰ ਕੀਮਤੀ ਚਿੱਤਰ ਅਤੇ ਉਪਕਰਣਾਂ ਤੋਂ ਲੈ ਕੇ ਨਕਦੀ ਅਤੇ ਲਾਟਰੀ ਟਿਕਟਾਂ ਵਰਗਾ ਖਜ਼ਾਨਾ ਲੱਭ ਪੈਂਦਾ ਹੈ। ਲੀਓ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ @TheTrashLawyer ’ਤੇ ਆਪਣੀਆਂ ਖੋਜਾਂ ਸਾਂਝੀਆਂ ਕੀਤੀਆਂ, ਜਿੱਥੇ ਉਸ ਦੇ 10,000 ਤੋਂ ਵੱਧ ਫ਼ਾਲੋਅਰਸ ਹਨ।
ਪਹਿਲੀ ਵਾਰੀ ਉਸ ਨੂੰ 600 ਡਾਲਰ ਤੋਂ ਵੱਧ ਕੀਮਤ ਦੀ ਇੱਕ ਵਿੰਟੇਜ ਕੌਫੀ ਮੇਕਰ ਮਸ਼ੀਨ ਲੱਭੀ ਤਾਂ ਉਸ ਨੇ ਆਪਣੀ ਇਹ ਮੁਹਿੰਮ ਅੱਗੇ ਵਧਾਉਣ ਦਾ ਫੈਸਲਾ ਕਰ ਲਿਆ। ਹੁਣ ਉਹ ਇਸ ਕੰਮ ਲਈ ਇੱਕ ਗੱਡੀ ਕਿਰਾਏ ’ਤੇ ਲੈ ਕੇ ਰਖਦਾ ਹੈ। ਕੂੜੇ ’ਚੋਂ ਲੱਭੀਆਂ ਚੀਜ਼ਾਂ ਉਹ ਘਰ ਲਿਆਉਂਦਾ ਹੈ, ਉਨ੍ਹਾਂ ਨੂੰ ਸਾਫ਼ ਕਰਦਾ ਹੈ, ਲੋੜ ਪੈਣ ’ਤੇ ਮਾਮੂਲੀ ਮੁਰੰਮਤ ਕਰਦਾ ਹੈ, ਅਤੇ ਫਿਰ ਉਨ੍ਹਾਂ ਨੂੰ ਫੇਸਬੁੱਕ ਮਾਰਕੀਟਪਲੇਸ ’ਤੇ ਵੇਚ ਦਿੰਦਾ ਹੈ। ਜੇਕਰ ਕੋਈ ਵਸਤੂ ਇੱਕ ਜਾਂ ਦੋ ਹਫ਼ਤਿਆਂ ਵਿੱਚ ਨਹੀਂ ਵਿਕਦੀ ਹੈ, ਤਾਂ ਉਹ ਇਸ ਨੂੰ ਚੈਰਿਟੀ ਵਿੱਚ ਦਾਨ ਕਰ ਦਿੰਦਾ ਹੈ। ਲੀਓ ਹੈਰਾਨ ਹੈ ਕਿ ਲੋਕ ਉਨ੍ਹਾਂ ਚੀਜ਼ਾਂ ਨੂੰ ਕਿਉਂ ਛੱਡ ਦਿੰਦੇ ਹਨ ਜੋ ਨੇੜੇ ਠੀਕ-ਠਾਕ ਹਲ ਅਤੇ ਕੰਮ ਕਰਨ ਦੀ ਸਥਿਤੀ ਵਿੱਚ ਹਨ। ਉਸ ਦਾ ਪੂਰਾ ਅਪਾਰਟਮੈਂਟ ਇਨ੍ਹਾਂ ਲੱਭੀਆਂ ਚੀਜ਼ਾਂ ਨਾਲ ਸਜਿਆ ਹੋਇਆ ਹੈ, ਅਤੇ ਉਹ ਆਪਣੀ ਵਿਕਰੀ ਤੋਂ ਹੋਣ ਵਾਲੇ ਮੁਨਾਫੇ ਨਾਲ ਆਪਣਾ ਕਿਰਾਇਆ ਵੀ ਅਦਾ ਕਰ ਲੈਂਦਾ ਹੈ।
ਲੀਓ ਨੂੰ ਸਿਡਨੀ ਵਿੱਚ ਕੂੜੇ ਦੇ ਢੇਰਾਂ ਤੋਂ ਹੁਣ ਤਕ ਕਈ ਤਰ੍ਹਾਂ ਦੀਆਂ ਕੀਮਤੀ ਵਸਤੂਆਂ ਮਿਲੀਆਂ ਹਨ, ਜਿਸ ਵਿੱਚ ਦਾਪੇਂਗ ਲਿਊ ਵੱਲੋਂ ਬਣਾਈ ਇੱਕ ਅਸਲੀ ਚਿੱਤਰ ਵੀ ਸ਼ਾਮਲ ਹੈ, ਜੋ ਕਿ ਆਸਟ੍ਰੇਲੀਆ ਦੇ ਮਸ਼ਹੂਰ ਆਰਚੀਬਾਲਡ ਪੁਰਸਕਾਰ ਦੇ ਤਿੰਨ ਵਾਰ ਫਾਈਨਲਿਸਟ ਰਹੇ ਹਨ। ਇਸ ਲਈ ਉਸ ਨੂੰ 3000 ਡਾਲਰ ਦੀ ਕੀਮਤ ਮਿਲੀ। ਉਸ ਨੂੰ ਇੱਕ ਛੋਟੇ ਬੈਗ ਵਿੱਚ 1200 ਡਾਲਰ ਦੀ ਅਮਰੀਕੀ ਕਰੰਸੀ ਵੀ ਮਿਲੀ। ਉਸ ਦੀ ਸਭ ਤੋਂ ਯਾਦਗਾਰੀ ਖੋਜਾਂ ਵਿੱਚੋਂ ਇੱਕ 1940 ਦੇ ਦਹਾਕੇ ਦੇ ਸ਼ੁਰੂ ਵਿੱਚ ਜਰਮਨੀ ਅਤੇ ਇੰਗਲੈਂਡ ਦੇ ਪਤਿਆਂ ਵਾਲਾ ਚਿੱਠੀਆਂ ਦਾ ਇੱਕ ਡੱਬਾ ਹੈ, ਜਿਸ ਵਿੱਚ ਜੰਗ ਬਾਰੇ ਚਰਚਾ ਕੀਤੀ ਗਈ ਹੈ।
ਉਹ ਅਕਸਰ ਇਹੀ ਕੰਮ ਕਰਨ ਵਾਲੇ ਆਪਣੇ ਸਾਥੀਆਂ ਨੂੰ ਵੀ ਮਿਲਦਾ ਰਹਿੰਦਾ ਹੈ ਅਤੇ ਵਧੀਆ ਚੀਜ਼ਾਂ ਲੱਭਣ ਲਈ ਸੁਝਾਅ ਸਾਂਝੇ ਕਰਦਾ ਹੈ। ਉਹ ਦੱਸਦਾ ਹੈ ਕਿ ਚੀਜ਼ਾਂ ਦੀ ਭਾਲ ਲਈ ਸਭ ਤੋਂ ਵਧੀਆ ਉਪਨਗਰ ਡਬਲ ਬੇ ਅਤੇ ਵੂਲਵਿਚ ਵਰਗੇ ਵਧੇਰੇ ਅਮੀਰ ਇਲਾਕੇ ਹਨ। ਭਾਵੇਂ ਲੀਓ ਆਪਣੀਆਂ ਖੋਜਾਂ ਤੋਂ ਪੈਸਾ ਕਮਾਉਂਦਾ ਹੈ, ਪਰ ਉਸ ਨੂੰ ਸਭ ਤੋਂ ਵੱਧ ਅਨੰਦ ਦਰੁਸਤ ਚੀਜ਼ਾਂ ਨੂੰ ਬਰਬਾਦ ਹੋਣ ਤੋਂ ਰੋਕਣ ’ਚ ਆਉਂਦਾ ਹੈ।
ਉਸ ਕਹਿਣਾ ਹੈ ਕਿ ਲੋਕ ਆਪਣੇ ਵੱਲੋਂ ਸੁੱਟੇ ਗਏ ਸਮਾਨ ’ਤੇ ਇੱਕ ਨਜ਼ਰ ਮਾਰ ਕੇ ਸੁੱਟਣ ਕਿਉਂਕਿ ਉਸ ਨੂੰ ਕੂੜੇ ’ਚੋਂ ਅਜਿਹੇ ਹੈਂਡਬੈਗ ਅਤੇ ਜੈਕਟਾਂ ਵੀ ਮਿਲੀਆਂ ਜਿਨ੍ਹਾਂ ’ਚ ਕਈ ਡਾਲਰ ਸਨ, ਜੋ ਕੂੜੇ ਦੇ ਢੇਰ ’ਚ ਜਾ ਰਹੇ ਸਨ।