ਮੈਲਬਰਨ: ਇੱਕ ਅਫਗਾਨ ਵਿਅਕਤੀ, ਅਹਿਮਦਉੱਲ੍ਹਾ, ਜਿਸ ਨੂੰ ਆਸਟ੍ਰੇਲੀਆਈ ਫ਼ੌਜੀ ਬੇਨ ਰੌਬਰਟਸ-ਸਮਿਥ ਵੱਲੋਂ ਮਾਰ ਦਿੱਤਾ ਗਿਆ ਸੀ, ਦੇ ਪਰਿਵਾਰ ਨੇ ਉਸ ਘਟਨਾ ਨੂੰ ਦਿਲ ਤੋੜਨ ਵਾਲਾ ਕਰਾਰ ਦਿੱਤਾ ਹੈ ਜਿੱਥੇ ਆਸਟ੍ਰੇਲੀਆਈ ਸੈਨਿਕਾਂ ਨੇ ਬੀਅਰ ਪੀਣ ਲਈ ਵਿਅਕਤੀ ਦੀ ਨਕਲੀ ਲੱਤ (Prosthetic leg) ਦੀ ਵਰਤੋਂ ਕੀਤੀ ਸੀ। ਪਰਿਵਾਰ ਇਨਸਾਫ਼ ਲੈਣ ਲਈ ਆਸਟ੍ਰੇਲੀਆ ਆਉਣ ਲਈ ਤਿਆਰ ਹੈ। ਆਸਟਰੇਲੀਆ ਦੇ ਸਭ ਤੋਂ ਵੱਧ ਫ਼ੌਜੀ ਤਮਗੇ ਪ੍ਰਾਪਤ ਵੈਟਰਨ ਰਾਬਰਟਸ-ਸਮਿਥ ਨੂੰ ਇੱਕ ਫ਼ੈਡਰਲ ਅਦਾਲਤ ਦੇ ਜੱਜ ਨੇ ਜੂਨ ਵਿੱਚ ਮਾਣਹਾਨੀ ਦੇ ਮੁਕੱਦਮੇ ਤੋਂ ਬਾਅਦ, ਅਫਗਾਨਿਸਤਾਨ ਵਿੱਚ ਤੈਨਾਤੀ ਦੌਰਾਨ ਚਾਰ ਕਤਲਾਂ ਲਈ ਇੱਕ ਯੁੱਧ ਅਪਰਾਧੀ ਅਤੇ ਦੋਸ਼ੀ ਕਰਾਰ ਦਿੱਤਾ ਸੀ। ਉਸਨੇ ਲਗਾਤਾਰ ਅਪਰਾਧ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਸ ’ਤੇ ਕਿਸੇ ਅਪਰਾਧ ਦਾ ਦੋਸ਼ ਨਹੀਂ ਲਗਾਇਆ ਗਿਆ ਹੈ।
ਦੋ ਹੱਤਿਆਵਾਂ 2009 ਵਿੱਚ ਉਰੂਜ਼ਗਾਨ ਸੂਬੇ ਵਿੱਚ ਵਿਸਕੀ 108 ਨਾਮਕ ਇੱਕ ਥਾਂ ਉੱਤੇ ਛਾਪੇ ਦੌਰਾਨ ਹੋਈਆਂ ਸਨ। ਮਾਰੇ ਗਏ ਦੋ ਆਦਮੀ ਪਿਤਾ ਅਤੇ ਪੁੱਤਰ ਸਨ ਜਿਨ੍ਹਾਂ ਦੇ ਨਾਂ ਮੁਹੰਮਦ ਈਸਾ ਅਤੇ ਅਹਿਮਦਉੱਲਾ ਹਨ, ਜਿਸ ਦੀ ਲੱਤ ਉਸ ਨੂੰ ਮਾਰਨ ਤੋਂ ਬਾਅਦ ਚੁੱਕ ਲਈ ਗਈ ਸੀ। ਪਰਿਵਾਰ, ਜੋ ਅਜੇ ਵੀ ਵਿਸਕੀ 108 ਵਿੱਚ ਰਹਿੰਦਾ ਹੈ, ਕਤਲਾਂ ਤੋਂ ਬਾਅਦ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਪਣੀ ਹੋਂਦ ਲਈ ਸੰਘਰਸ਼ ਕਰ ਰਿਹਾ ਹੈ ਅਤੇ ਨਿਆਂ ਦੀ ਭਾਲ ਵਿੱਚ ਆਸਟਰੇਲੀਆ ਤਕ ਆਉਣ ਲਈ ਤਿਆਰ ਹੈ। ਦੋਵਾਂ ਆਦਮੀਆਂ ਦੇ ਮਾਰੇ ਜਾਣ ਤੋਂ ਬਾਅਦ, ਇਕ ਹੋਰ ਫ਼ੌਜੀ ਨੇ ਅਹਿਮਦੁੱਲਾ ਦੀ ਨਕਲੀ ਲੱਤ ਨੂੰ ਚੁੱਕ ਲਿਆ ਅਤੇ ਤਾਰਿਨ ਕੋਵਟ ਦੇ ਆਪਣੇ ਬੇਸ ’ਤੇ ਵਾਪਸ ਲੈ ਲਿਆ। ਇਸ ਨੂੰ ਫਰੇਮ ਕਰਵਾ ਕੇ ਸਕੁਆਡ ਦੇ ਬਾਰ ਵਿੱਚ ਰੱਖਿਆ ਗਿਆ ਸੀ। ਅਗਲੇ ਕੁਝ ਸਾਲਾਂ ਦੌਰਾਨ ਆਸਟ੍ਰੇਲੀਆਈ ਫ਼ੌਜੀਆਂ ਨੂੰ ਪਲਾਸਟਿਕ ਦੇ ਅੰਗਾਂ ’ਚੋਂ ਸ਼ਰਾਬ ਪੀਂਦੇ ਦਿਖਾਉਂਦੇ ਹੋਏ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਕੁਝ ਤਸਵੀਰਾਂ ’ਚ ਰੌਬਰਟਸ-ਸਮਿਥ ਵੀ ਲੱਤ ਦੇ ਨੇੜੇ ਖੜ੍ਹਾ ਹੈ ਅਤੇ ਮੁਸਕੁਰਾ ਰਿਹਾ ਹੈ, ਹਾਲਾਂਕਿ ਉਹ ਕਦੇ ਵੀ ਇਸ ਤੋਂ ਬੀਅਰ ਪੀਣ ਤੋਂ ਇਨਕਾਰ ਕਰਦਾ ਰਿਹਾ ਹੈ।
ਸੜਕੀ ਹਾਦਸੇ ਤੋਂ ਬਾਅਦ ਅਹਿਮਦਉੱਲ੍ਹਾ ਨੂੰ ਜ਼ਰੂਰਤ ਪਈ ਸੀ Prosthetic leg ਦੀ
ਮੀਡੀਆ ਦੇ ਇਕ ਹਿੱਸੇ ’ਚ ਆਈ ਰਿਪੋਰਟ ਅਨੁਸਾਰ ਅਹਿਮਦੁੱਲਾ ਦੇ ਛੋਟੇ ਭਰਾ, ਇਸਮਤੁੱਲਾ ਨੇ ਕਿਹਾ ਕਿ ਉਸ ਦੇ ਭਰਾ ਨੂੰ ਇੱਕ ਸੜਕੀ ਹਾਦਸੇ ’ਚ ਲੱਤ ਗੁਆਉਣ ਤੋਂ ਬਾਅਦ ਨਕਲੀ ਅੰਗ ਲਗਾਉਣ ਦੀ ਲੋੜ ਪਈ ਸੀ। ਜਦੋਂ ਉਸ ਨੂੰ ਬਾਰ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਆਸਟ੍ਰੇਲੀਆਈ ਲੋਕਾਂ ਵੱਲੋਂ ਇਸ ਨੂੰ ਇੱਕ ਭਿਆਨਕ ਯਾਦਗਾਰ ਵਿੱਚ ਬਦਲ ਦਿੱਤਾ ਗਿਆ ਸੀ। ਅਹਮਦੁੱਲਾ ਦੀ ਪਤਨੀ ਮਲਿਕਾ ਵੀ ਉਨ੍ਹਾਂ ਤਸਵੀਰਾਂ ਤੋਂ ਜਾਣੂ ਸੀ ਜੋ ਆਸਟ੍ਰੇਲੀਆਈ ਲੋਕਾਂ ਨੂੰ ਆਪਣੇ ਪਤੀ ਦੀ ਲੱਤ ਤੋਂ ਪੀਂਦੇ ਹੋਏ ਦਿਖਾਉਂਦੀਆਂ ਸਨ, ਪਰ ਉਨ੍ਹਾਂ ਨੇ ਇਹ ਤਸਵੀਰਾਂ ਕਦੇ ਨਹੀਂ ਦੇਖੀਆਂ। ਪਰਿਵਾਰ ਅਦਾਲਤ ਵਿੱਚ ਗਵਾਹੀ ਦੇਣ ਲਈ ਤਿਆਰ ਹੈ। ਉਹ ਅਹਿਮਦਉੱਲ੍ਹਾ ਅਤੇ ਮੁਹੰਮਦ ਈਸਾ ਦੀਆਂ ਹੱਤਿਆਵਾਂ ਲਈ ਨਿਆਂ ਦੀ ਮੰਗ ਕਰ ਰਹੇ ਹਨ।
ਹਾਲਾਂਕਿ ਪਰਿਵਾਰ ਦਾ ਬਿਰਤਾਂਤ ਰਾਬਰਟਸ-ਸਮਿਥ ਦੇ ਵਕੀਲਾਂ ਅਤੇ ਨੌਂ ਅਖਬਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਵੱਲੋਂ ਪੇਸ਼ ਕੀਤੇ ਗਏ ਬਿਆਨਾਂ ਤੋਂ ਵੱਖਰਾ ਹੈ। ਪਰਿਵਾਰ ਨੇ ਉਸ ਦਿਨ ਦਾ ਬਿਰਤਾਂਤ ਦਿੰਦੇ ਹੋਏ ਕਿਹਾ ਕਿ ਇੱਕ ਪਸ਼ਤੋ ਬੋਲਣ ਵਾਲੇ ਦੁਭਾਸ਼ੀਏ ਦੇ ਨਾਲ ਅਹਾਤੇ ਵਿੱਚ ਦਾਖਲ ਹੋਏ ਆਸਟ੍ਰੇਲੀਆਈ ਫ਼ੌਜੀ, ਅਤੇ ਕੁਝ ਅਣਪਛਾਤੇ ਆਸਟ੍ਰੇਲੀਅਨ ਫ਼ੌਜੀ ਇਸਮਤੁੱਲਾ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਉਸ ਸਮੇਂ 10 ਸਾਲ ਦਾ ਸੀ। ਰਾਬੀਆ ਅਤੇ ਮਲਿਕਾ ਦੋਵਾਂ ਨੇ ਕਿਹਾ ਕਿ, ਆਖਰਕਾਰ ਲੜਕੇ ਨੂੰ ਆਪਣੀ ਮਾਂ ਅਤੇ ਭਰਜਾਈ ਕੋਲ ਰਹਿਣ ਦੀ ਇਜਾਜ਼ਤ ਦੇਣ ਤੋਂ ਬਾਅਦ, ਆਸਟ੍ਰੇਲੀਆਈਆਂ ਨੇ ਪਰਿਵਾਰ ਨੂੰ ਕੰਧ ਵਿੱਚ ਕੀਤੀ ਇੱਕ ਮੋਰੀ ਵਿੱਚੋਂ ਬਾਹਰ ਕੱਢਿਆ। ਅਹਿਮਦੁੱਲਾ ਅਤੇ ਮੁਹੰਮਦ ਈਸਾ ਪਿੱਛੇ ਰਹਿ ਗਏ। ਉਨ੍ਹਾਂ ਨੂੰ ਦਸਿਆ ਗਿਆ ਕਿ ਦੋਹਾਂ ਨੂੰ ਜੇਲ ’ਚ ਬੰਦ ਕਰ ਦਿੱਤਾ ਗਿਆ ਹੈ। ਪਰਿਵਾਰ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਿਹਾ ਹੈ ਅਤੇ ਇਸ ਬਾਰੇ ਕਈ ਸਵਾਲ ਹਨ ਕਿ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ।