Dark Web ’ਤੇ ਜਾਅਲੀ ਆਸਟ੍ਰੇਲੀਅਨ ਦਸਤਾਵੇਜ਼ਾਂ ਦੀ ਵਿਕਰੀ ਜ਼ੋਰਾਂ ’ਤੇ, ਪੀ.ਐਚ.ਡੀ. ਵਿਦਿਆਰਥਣ ਨੇ ਅਪਰਾਧੀਆਂ ਨੂੰ ਫੜਨ ਲਈ ਵਿਕਸਤ ਕੀਤਾ ਸਿਸਟਮ

ਮੈਲਬਰਨ: ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ (UTS) ਦੇ ਸੈਂਟਰ ਆਫ਼ ਫੋਰੈਂਸਿਕ ਸਾਇੰਸ ਵੱਲੋਂ ਕੀਤੀ ਇੱਕ ਖੋਜ ਅਨੁਸਾਰ ਡਾਰਕ ਵੈੱਬ (Dark Web) ’ਤੇ ਜਾਅਲੀ ਆਸਟ੍ਰੇਲੀਆਈ ਪਛਾਣ ਦਸਤਾਵੇਜ਼ ਦੀ ਵਿਕਰੀ ਜ਼ੋਰਾਂ ’ਤੇ ਹੈ ਅਤੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਜਾਅਲੀ ਦਸਤਾਵੇਜ਼ ਆਸਟ੍ਰੇਲੀਆ ਦੇ ਹੀ ਵੇਚੇ ਜਾ ਰਹੇ ਹਨ। ਇਨ੍ਹਾਂ ਜਾਅਲੀ ਦਸਤਾਵੇਜ਼ਾਂ ’ਚੋਂ ਸਭ ਤੋਂ ਵੱਡੀ ਗਿਣਤੀ ਡਰਾਈਵਰ ਲਾਇਸੰਸਾਂ ਦੀ ਹੈ। ਹਾਲਾਂਕਿ UTS ਦੀ ਇੱਕ ਪੀ.ਐਚ.ਡੀ. ਵਿਦਿਆਰਥਣ ਸੀਆਰਾ ਡੇਵਲਿਨ ਨੇ ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੀ ਵੰਡ ਲਈ ਜ਼ਿੰਮੇਵਾਰ ਅਪਰਾਧ ਨੈਟਵਰਕਾਂ ਨੂੰ ਨਿਸ਼ਾਨਾ ਬਣਾਉਣ ’ਚ ਪੁਲਿਸ ਦੀ ਮਦਦ ਕਰਨ ਲਈ ਇੱਕ ਫੋਰੈਂਸਿਕ ਪ੍ਰੋਫਾਈਲਿੰਗ ਸਿਸਟਮ ਤਿਆਰ ਕੀਤਾ ਹੈ।

ਡੇਵਲਿਨ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਇਹ ਜਾਅਲੀ ਦਸਤਾਵੇਜ਼ ਡਾਰਕ ਵੈੱਬ ’ਤੇ ਕ੍ਰਿਪਟੋਮਾਰਕੀਟਾਂ ਰਾਹੀਂ ਵਿਆਪਕ ਤੌਰ ’ਤੇ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਅਕਸਰ ਇਨ੍ਹਾਂ ਦੇ ਸਰੋਤਾਂ ਇੱਕ ਹੀ ਹੁੰਦੇ ਹਨ। ਅਪਰਾਧਿਕ ਸੰਗਠਨ ਵੱਖ-ਵੱਖ ਗੈਰ-ਕਾਨੂੰਨੀ ਗਤੀਵਿਧੀਆਂ ਲਈ ਇਨ੍ਹਾਂ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਕਰਦੇ ਹਨ, ਜਿਸ ਵਿੱਚ ਪਛਾਣ ਅਪਰਾਧ, ਕਾਲੇ ਧਨ ਨੂੰ ਚਿੱਟਾ ਕਰਨ (Money Laundering), ਮਨੁੱਖੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਇਮੀਗ੍ਰੇਸ਼ਨ, ਘਪਲੇ ਅਤੇ ਜਾਸੂਸੀ ਸ਼ਾਮਲ ਹਨ।

ਡੇਵਲਿਨ ਨੇ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਨਕਲ, ਪ੍ਰਯੋਗ ਕੀਤੀਆਂ ਪ੍ਰਿੰਟਿੰਗ ਪ੍ਰਕਿਰਿਆਵਾਂ ਅਤੇ ਕੀਤੀਆਂ ਗਈਆਂ ਗਲਤੀਆਂ ਦੀ ਜਾਂਚ ਕਰਦੇ ਹੋਏ, 48 ਜਾਅਲੀ ਪਛਾਣ ਦਸਤਾਵੇਜ਼ਾਂ ਨੂੰ ਦ੍ਰਿਸ਼ਟੀਗਤ ਰੂਪ ਵਿੱਚ ਪ੍ਰੋਫਾਈਲ ਕੀਤਾ। ਇਨ੍ਹਾਂ ਦਸਤਾਵੇਜ਼ਾਂ ’ਚੋਂ ਲਗਭਗ 90% ਇੱਕ ਦੂਜੇ ਨਾਲ ਜੁੜੇ ਹੋਏ ਸਨ ਅਤੇ ਇਨ੍ਹਾਂ ਦੇ ਪੰਜ ਸਰੋਤ ਸਾਹਮਣੇ ਆਏ ਸਨ। ਡੇਵਿਲਿਨ ਨੂੰ ਉਮੀਦ ਹੈ ਕਿ ਆਸਟਰੇਲੀਆ ਵਿੱਚ ਜਾਅਲੀ ਪਛਾਣ ਦਸਤਾਵੇਜ਼ਾਂ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰਨ ਲਈ NSW ਪੁਲਿਸ ਵੱਲੋਂ ਉਸ ਦੀ ਫੋਰੈਂਸਿਕ ਪ੍ਰੋਫਾਈਲਿੰਗ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇਗਾ।

Leave a Comment