ਜਿੱਥੇ ਕਦੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ, ਅੱਜ ਕੰਧ ਚਿੱਤਰਾਂ (Mural) ’ਤੇ ਸਜ ਰਹੇ ਨੇ ਸਿੱਖ

ਮੈਲਬਰਨ: ਆਸਟ੍ਰੇਲੀਆ ਦੇ ਪੋਰਟ ਔਗਸਟਾ ਵਿੱਚ ਭਾਰਤੀ ਸੱਭਿਆਚਾਰ ਦਾ ਜਸ਼ਨ ਮਨਾਉਣ ਵਾਲੇ ਇੱਕ ਜੀਵੰਤ ਕੰਧ-ਚਿੱਤਰ (Mural) ਦੀ ਘੁੰਡ-ਚੁਕਾਈ ਕੀਤੀ ਗਈ ਹੈ, ਜਿਸ ਦੀ ਸਿੱਖ ਕੌਂਸਲਰ ਸੰਨੀ ਸਿੰਘ ਨੇ ਭਰਵੀਂ ਤਾਰੀਫ਼ ਕੀਤੀ ਹੈ। ਕੰਧ-ਚਿੱਤਰ, ਜਿਸ ਵਿੱਚ ਭਾਰਤੀ ਧਾਰਮਿਕ ਅਤੇ ਸੱਭਿਆਚਾਰਕ ਪਹਿਰਾਵੇ ਦੇ ਮੁੱਖ ਤੱਤ ਹਨ, ਦਾ ਉਦੇਸ਼ ਖੇਤਰੀ ਸਾਊਥ ਆਸਟ੍ਰੇਲੀਆ ਵਿੱਚ ਹੋਰ ਸਭਿਆਚਾਰਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ।

ਕੰਧ-ਚਿੱਤਰ ਨੂੰ ਯੂਨਾਈਟਿੰਗ ਕੰਟਰੀ SA ਗ੍ਰਾਂਟ ਵੱਲੋਂ ਫੰਡ ਕੀਤਾ ਗਿਆ ਸੀ ਅਤੇ ਪੋਰਟ ਅਗਸਤਾ ਸਿਟੀ ਕੌਂਸਲ (PACC) ਵੱਲੋਂ ਕਮਿਸ਼ਨ ਕੀਤਾ ਗਿਆ ਸੀ। ਇਹ ਮੈਲਬਰਨ-ਅਧਾਰਤ ਕਲਾਕਾਰ ਮਾਰੀਆ-ਰੋਜ਼ਾ ਸਿਜ਼ਕੋਵਸਕੀ ਵੱਲੋਂ ਪੇਂਟ ਕੀਤਾ ਗਿਆ ਹੈ ਅਤੇ ਇਸ ਵਿੱਚ ਸਿਰ ’ਤੇ ਚੁੰਨੀ ਵਾਲੀ ਇੱਕ ਔਰਤ ਮਾਂਗ ਟਿੱਕਾ ਪਹਿਨੀ ਦਿਸ ਰਹੀ ਹੈ, ਜਦੋਂ ਕਿ ਇੱਕ ਪਗੜੀਧਾਰੀ ਸਿੱਖ ਅਤੇ ਪਟਕਾ ਬੰਨ੍ਹੀ ਛੋਟਾ ਮੁੰਡਾ ਵੀ ਦਿਸ ਰਹੇ ਹਨ।

ਇੱਕ ਛੋਟੇ ਸਿੱਖ ਬੱਚੇ ਨੂੰ ਸ਼ਾਮਲ ਕਰਨਾ ਭਾਰਤੀ ਭਾਈਚਾਰੇ ਲਈ ਖਾਸ ਤੌਰ ’ਤੇ ਮਹੱਤਵਪੂਰਨ ਸੀ, ਕਿਉਂਕਿ ਇਹ ਅਗਲੀ ਪੀੜ੍ਹੀ ਨੂੰ ਸਿੱਖਿਅਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਸਥਾਨਕ ਭਾਈਚਾਰੇ ਦੀਆਂ ਨਜ਼ਰਾਂ ’ਚ ਲਿਆਵੇਗਾ। ਕੌਂਸਲ ਨੂੰ ਉਮੀਦ ਹੈ ਕਿ ਇਹ ਕਲਾਕਾਰੀ ਭਾਰਤੀ ਸੰਸਕ੍ਰਿਤੀ ਦਾ ਜਸ਼ਨ ਮਨਾਏਗੀ ਅਤੇ ਉਨ੍ਹਾਂ ਦੇ ਭਾਰਤੀ ਭਾਈਚਾਰੇ ਨੂੰ ਪੋਰਟ ਔਗਸਟਾ ਭਾਈਚਾਰੇ ਨਾਲ ਜੁੜਿਆ ਹੋਇਆ ਮਹਿਸੂਸ ਕਰਵਾਏਗੀ। 2021 ਦੀ ਮਰਦਮਸ਼ੁਮਾਰੀ ਅਨੁਸਾਰ, ਪੋਰਟ ਔਗਸਟਾ ’ਚ ਅੰਗਰੇਜ਼ੀ ਤੋਂ ਬਾਅਦ ਪੰਜਾਬੀ ਸਭ ਤੋਂ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ, ਜਦਕਿ ਆਸਟ੍ਰੇਲੀਆ ਅਤੇ ਇੰਗਲੈਂਡ ਤੋਂ ਬਾਅਦ ਮਾਪਿਆਂ ਦਾ ਸਭ ਤੋਂ ਆਮ ਜਨਮ ਦੇਸ਼ ਭਾਰਤ ਹੈ।

Mural ਬਾਰੇ ਕੌਂਸਲਰ ਸੰਨੀ ਸਿੰਘ ਬੋਲੇ

ਸੰਨੀ ਸਿੰਘ ਅਤੇ ਉਸ ਦਾ ਪਰਿਵਾਰ 2009 ਵਿੱਚ ਆਸਟਰੇਲੀਆ ’ਚ ਪਰਵਾਸ ਕਰ ਗਿਆ ਅਤੇ 2018 ਦੌਰਾਨ PACC ਲਈ ਚੁਣੇ ਜਾਣ ਤੋਂ ਪਹਿਲਾਂ ਉਸ ਨੇ ਇੱਕ ਟੈਕਸੀ ਕਾਰੋਬਾਰ ਦੀ ਸਥਾਪਨਾ ਕੀਤੀ ਸੀ। ਪੰਜ ਸਾਲ ਪਹਿਲਾਂ ਜਦੋਂ ਸੰਨੀ ਸਿੰਘ ਪਹਿਲੀ ਵਾਰ ਸਥਾਨਕ ਕੌਂਸਲ ਲਈ ਚੋਣ ਲੜ ਰਿਹਾ ਸੀ ਤਾਂ ਉਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੇ ਗਏ ਨਸਲੀ ਦੋਸ਼ਾਂ ਵਾਲੇ ਵੀਡੀਓ ’ਚ ਨਿਸ਼ਾਨਾ ਬਣਿਆ ਸੀ। ਅੱਜ ਉਸ ਨੇ ਕਿਹਾ, ‘‘ਲੋਕ ਇਸ ਨੂੰ ਵੇਖਣਗੇ ਅਤੇ ਇਹ ਹੋਰ ਸਭਿਆਚਾਰਾਂ ਅਤੇ ਧਰਮਾਂ ਨੂੰ ਸਿੱਖਾਂ ਬਾਰੇ ਵਧੇਰੇ ਜਾਣੂ ਬਣਾਵੇਗਾ। ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਇਹ ਕੰਮ ਕਰ ਵਿਖਾਇਆ।’’

Leave a Comment