ਆਸਟ੍ਰੇਲੀਆ ’ਚ ਪੰਜਾਬਣ ਨੇ ਚੋਰੀ ਦੇ ਦੋਸ਼ ਕਬੂਲੇ (Punjabi Girl Convicted), ਜੱਜ ਨੇ ਕਿਹਾ ਕੈਦ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਕਿ…

ਮੈਲਬਰਨ: ਆਸਟ੍ਰੇਲੀਆ ਵਿੱਚ ਇੱਕ 23 ਵਰ੍ਹਿਆਂ ਦੀ ਪੰਜਾਬੀ ਮੂਲ ਦੀ ਕੇਅਰ ਵਰਕਰ ਨੂੰ ਆਪਣੇ ਬਜ਼ੁਰਗ ਗਾਹਕਾਂ ਦੇ ਡੈਬਿਟ ਕਾਰਡਾਂ ’ਚੋਂ ਪੈਸੇ ਚੋਰੀ ਕਰਨ ਲਈ ਦੋਸ਼ੀ (Punjabi girl convicted) ਠਹਿਰਾਇਆ ਗਿਆ ਹੈ। ਇਸ ਪੈਸੇ ਦੀ ਵਰਤੋਂ ਉਸ ਨੇ ਹਜ਼ਾਰਾਂ ਡਾਲਰਾਂ ਦੀਆਂ ਲਗਜ਼ਰੀ ਵਸਤੂਆਂ ਖਰੀਦਣ ਲਈ ਕੀਤੀ ਸੀ। ਉਸ ’ਤੇ ਆਪਣੇ ਪੇਸ਼ੇ ’ਚ ਕੰਮ ਕਰਨ ਤੋਂ 10 ਸਾਲਾਂ ਲਈ ਪਾਬੰਦੀ ਵੀ ਲਗਾਈ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਅਸ਼ਪ੍ਰੀਤ ਕੌਰ ਨੇ ਸੋਮਵਾਰ ਨੂੰ Geelong ਮੈਜਿਸਟ੍ਰੇਟ ਦੀ ਅਦਾਲਤ ਵਿੱਚ ਚੋਰੀ ਦੇ ਦੋ ਮਾਮਲਿਆਂ ਅਤੇ ਧੋਖੇ ਨਾਲ ਜਾਇਦਾਦ ਹਾਸਲ ਕਰਨ ਦੇ 11 ਮਾਮਲਿਆਂ ਵਿੱਚ ਖ਼ੁਦ ਨੂੰ ਦੋਸ਼ੀ ਮੰਨਿਆ।

ਅਸ਼ਪ੍ਰੀਤ ਕੌਰ ਫਰਵਰੀ 2023 ਤੱਕ Geelong Retirement Village ਵਿੱਚ ਇੱਕ ਨਿੱਜੀ ਦੇਖਭਾਲ ਕਰਮਚਾਰੀ ਵਜੋਂ ਨੌਕਰੀ ਕਰਦੀ ਸੀ ਅਤੇ ਵਿਦਿਆਰਥੀ ਵੀਜ਼ੇ ’ਤੇ ਆਸਟਰੇਲੀਆ ਵਿੱਚ ਸੀ। ਇਸ ਸਮੇਂ ਦੌਰਾਨ, ਉਸ ਨੇ ਇੱਕ 86-ਸਾਲਾਂ ਦੀ ਅਲਜ਼ਾਈਮਰ ਮਰੀਜ਼ ਦੇ ਬੈਂਕ ਕਾਰਡ ਦੀ ਵਰਤੋਂ ਅਪਮਾਰਕੇਟ ਡਿਪਾਰਟਮੈਂਟ ਸਟੋਰ ਚੇਨ ਤੋਂ ਹੋਰ ਚੀਜ਼ਾਂ ਦੇ ਨਾਲ 1,700 ਡਾਲਰ ਦੇ ਕਾਸਮੈਟਿਕਸ ਦਾ ਸਮਾਨ ਖਰੀਦਣ ਲਈ ਅਤੇ 725 ਡਾਲਰ ਦੀ ਇੱਕ ਘੜੀ ਖ਼ਰੀਦਣ ਲਈ ਕੀਤੀ। ਅਸ਼ਪ੍ਰੀਤ ਕੌਰ ਦੀ ਚੋਰੀ ਬਜ਼ੁਰਗ ਮਰੀਜ਼ ਦੀ ਧੀ ਨੇ ਫੜੀ ਜਿਸ ਨੇ ਆਪਣੀ ਮਾਂ ਦੀ ਬੈਂਕ ਸਟੇਟਮੈਂਟ ’ਤੇ ਸ਼ੱਕੀ ਲੈਣ-ਦੇਣ ਦੇਖਿਆ। ਇਸ ਤੋਂ ਇਲਾਵਾ, Ashpreet Kaur – ਅਸ਼ਪ੍ਰੀਤ ਕੌਰ ਨੇ 95 ਸਾਲਾਂ ਦੀ ਇਕ ਹੋਰ ਔਰਤ ਦਾ ਬੈਂਕ ਕਾਰਡ ਚੋਰੀ ਕੀਤਾ ਅਤੇ ਪਰਫਿਊਮ, ਸੁੰਦਰਤਾ ਉਤਪਾਦ, ਕੱਪੜੇ, ਖਾਣ-ਪੀਣ ਦੇ ਸਮਾਨ ਸਮੇਤ ਹੋਰ ਚੀਜ਼ਾਂ ’ਤੇ 5,000 ਡਾਲਰ ਤੋਂ ਵੱਧ ਦੀ ਖਰੀਦਦਾਰੀ ਕੀਤੀ ਅਤੇ ਜਨਤਕ ਆਵਾਜਾਈ ’ਤੇ ਵਰਤਣ ਲਈ ਆਪਣੇ ਮਾਈਕੀ ਕਾਰਡ ਵਿੱਚ ਪੈਸੇ ਵੀ ਪਾਏ। ਪੁਲਿਸ ਨੇ 13 ਮਾਰਚ ਨੂੰ ਅਸ਼ਪ੍ਰੀਤ ਕੌਰ ਦੇ ਘਰ ਛਾਪਾ ਮਾਰਿਆ ਜਿੱਥੇ ਉਸ ਵੱਲੋਂ ਖਰੀਦੀਆਂ ਗਈਆਂ ਕੁਝ ਵਸਤੂਆਂ ਮਿਲੀਆਂ।

ਮੈਜਿਸਟਰੇਟ ਜੌਹਨ ਬੈਂਟਲੇ ਨੇ ਕਿਹਾ ਕਿ ਅਸ਼ਪ੍ਰੀਤ ਕੌਰ ਦੀਆਂ ਕਾਰਵਾਈਆਂ ‘ਬਹੁਤ ਨੀਵੇਂ ਪੱਧਰ ਦੀਆਂ’ ਸਨ, ਅਤੇ ਉਸ ਨੂੰ ਆਪਣੇ ਗਾਹਕਾਂ ਤੋਂ ਚੋਰੀ ਕੀਤੇ 7,000 ਡਾਲਰ ਤੋਂ ਵੱਧ ਵਾਪਸ ਕਰਨ ਲਈ ਕਿਹਾ। ਮੈਜਿਸਟਰੇਟ ਬੈਂਟਲੇ ਨੇ ਕਿਹਾ, ‘‘ਇਹ ਸਮਾਜ ਦੇ ਸਭ ਤੋਂ ਕਮਜ਼ੋਰ ਮੈਂਬਰਾਂ ਨਾਲ ਭਰੋਸੇ ਦੀ ਉਲੰਘਣਾ ਹੈ… ਇੱਕ ਔਰਤ ਨੂੰ ਦਿਮਾਗੀ ਕਮਜ਼ੋਰੀ ਦੀ ਬਿਮਾਰੀ ਸੀ… ਇਹ ਭਰੋਸੇ ਦੀ ਘੋਰ ਉਲੰਘਣਾ ਹੈ।’’ ਮੈਜਿਸਟਰੇਟ ਨੇ ਕਿਹਾ ਕਿ ਇਹ ‘ਬਹੁਤ ਗੰਭੀਰ’ ਮਾਮਲਾ ਹੈ ਅਤੇ ਕਿਹਾ ਕਿ ਅਸ਼ਪ੍ਰੀਤ ਕੌਰ ਕੋਲ ਜੇਲ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਉਹ ਪੈਸੇ ਵਾਪਸ ਕਰ ਦੇਵੇ, ਨਹੀਂ ਤਾਂ, ਉਸ ਨੂੰ ਕੈਦ ’ਚ ਭੇਜ ਦਿੱਤਾ ਜਾਵੇਗਾ।

ਅਸ਼ਪ੍ਰੀਤ ਕੌਰ ਨੂੰ ਚੋਰੀ ਹੋਏ ਪੈਸੇ ਵਾਪਸ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ 12 ਮਹੀਨਿਆਂ ਦੇ ਕਮਿਊਨਿਟੀ ਕਰੈਕਸ਼ਨ ਆਰਡਰ (ਸੀ.ਸੀ.ਓ.) ਦੇ ਹਿੱਸੇ ਵਜੋਂ 250 ਘੰਟੇ ਕਮਿਊਨਿਟੀ ਵਰਕ ਪੂਰਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਸਾਲ ਅਗਸਤ ਵਿੱਚ, ਏਜਡ ਕੇਅਰ ਕੁਆਲਿਟੀ ਅਤੇ ਸੇਫਟੀ ਕਮਿਸ਼ਨ ਨੇ ਅਸ਼ਪ੍ਰੀਤ ਕੌਰ ਨੂੰ 10 ਸਾਲਾਂ ਤੱਕ ਕਿਸੇ ਵੀ ਕਿਸਮ ਦੀ ਬਜ਼ੁਰਗਾਂ ਦੀ ਦੇਖਭਾਲ ਦੇ ਪ੍ਰਬੰਧ ਵਿੱਚ ਸ਼ਾਮਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਸੀ।

Leave a Comment