ਮੈਲਬਰਨ: ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰ ਆਸਟ੍ਰੇਲੀਅਨ ਲੋਕਾਂ ਦੀ ਜੀਵਨ ਸੰਭਾਵਨਾ (Life expectancy) ਵਿੱਚ ਮਾਮੂਲੀ ਕਮੀ ਆਈ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਅੰਕੜਿਆਂ ਅਨੁਸਾਰ ਇਹ ਕਮੀ ਕੋਵਿਡ-19 ਮਹਾਂਮਾਰੀ ਦੌਰਾਨ ਵੇਖੀ ਗਈ। ਕਮੀ ਭਾਵੇਂ ਬਹੁਤ ਘੱਟ, 0.1 ਸਾਲ ਦੀ, ਰਹੀ ਜੋ 2020 ਤੋਂ 2022 ਦੇ ਸਾਲਾਂ ਦੌਰਾਨ ਦਰਜ ਕੀਤੀ ਗਈ। ਇਸ ਕਮੀ ਦੇ ਬਾਵਜੂਦ, ਆਸਟ੍ਰੇਲੀਆ ਜੀਵਨ ਸੰਭਾਵਨਾ ਦੇ ਮਾਮਲੇ ’ਚ ਦੁਨੀਆ ਭਰ ’ਚ ਦੇ ਸਿਖਰਲੇ ਦੇਸ਼ਾਂ ’ਚੋਂ ਇੱਕ ਰਿਹਾ ਅਤੇ ਮੋਨਾਕੋ ਤੇ ਜਾਪਾਨ ਤੋਂ ਬਾਅਦ ਤੀਜੇ ਨੰਬਰ ’ਤੇ ਹੈ।
ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਅੱਜ ਜਨਮੀ ਇੱਕ ਆਸਟ੍ਰੇਲੀਆਈ ਔਰਤ ਦੇ 85.3 ਸਾਲ ਤੱਕ ਜੀਉਣ ਦੀ ਉਮੀਦ ਹੈ, ਜਦੋਂ ਕਿ ਇੱਕ ਮਰਦ ਦੇ 81.2 ਸਾਲ ਤੱਕ ਜੀਉਣ ਦੀ ਉਮੀਦ ਹੈ। ਬਿਊਰੋ ਨੇ ਨੋਟ ਕੀਤਾ ਕਿ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਵੱਡੀ ਮਾਤਰਾ ਦੇ ਮੱਦੇਨਜ਼ਰ ਇਹ ਗਿਰਾਵਟ ਮੁਕਾਬਲਤਨ ਮਾਮੂਲੀ ਸੀ, 2022 ਵਿੱਚ ਅੱਧੇ ਤੋਂ ਵੱਧ ਮੌਤਾਂ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੋਈਆਂ।
ਵਿਅਕਤੀਗਤ ਖੇਤਰ ’ਤੇ ਨਜ਼ਰ ਮਾਰੀਏ ਤਾਂ ਸਿਡਨੀ ਦੇ ਬੌਲਖਮ ਹਿਲਸ ਅਤੇ ਹਾਕਸਬਰੀ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਮਰਦਾਂ (85.7 ਸਾਲ) ਦੀ ਜੀਵਨ ਸੰਭਾਵਨਾ ਸਭ ਤੋਂ ਵੱਧ ਹੈ, ਜਦਕਿ ਉੱਤਰੀ ਸਿਡਨੀ ਅਤੇ ਹੌਰਨਸਬੀ ’ਚ ਔਰਤਾਂ ਦੇ ਜੀਣ ਦੀ ਸੰਭਾਵਨਾ ਸਭ ਤੋਂ ਵੱਧ (88.2) ਹੈ। ਸਟੇਟਸ ਅਤੇ ਟੈਰੀਟਰੀਜ਼ ’ਚੋਂ, ਨਾਰਦਰਨ ਟੈਰੀਟਰੀ ’ਚ ਦੋਵਾਂ ਸ਼੍ਰੇਣੀਆਂ ’ਚ ਸਭ ਤੋਂ ਘੱਟ ਜੀਵਨ ਸੰਭਾਵਨਾ ਸੀ, ਜੋ ਮਰਦਾਂ ਲਈ 76.2 ਸਾਲ ਅਤੇ ਔਰਤਾਂ ਲਈ 80.7 ਸਾਲ ਰਹੀ। ACT ਦੀ ਜੀਵਨ ਸੰਭਾਵਨਾ ਸਭ ਤੋਂ ਵੱਧ ਰਹੀ, ਜਿੱਥੇ ਇਹ ਮਰਦਾਂ ਲਈ 82.2 ਸਾਲ ਅਤੇ ਔਰਤਾਂ ਲਈ 86 ਸਾਲ ਹੈ।
ਵਿਸ਼ਵ ਪੱਧਰ ’ਤੇ ਵੇਖੀਏ ਤਾਂ ਮੋਨਾਕੋ ਦੇ ਨਾਗਰਿਕਾਂ ਦੀ ਸਮੁੱਚੀ ਜੀਵਨ ਸੰਭਾਵਨਾ 85.95 ਸਾਲ ਹੈ, ਇਹ ਜਾਪਾਨ (84.78) ਅਤੇ ਫਿਰ ਆਸਟ੍ਰੇਲੀਆ (84.53) ਤੋਂ ਇੱਕ ਸਾਲ ਤੋਂ ਵੀ ਵੱਧ ਹੈ।