ਮੈਲਬਰਨ: ਰੋਇਲ ਡੇਲਸਫੋਰਡ ਹੋਟਲ ਦੇ ਸੜਕ ਕਿਨਾਰੇ ਬੀਅਰ ਗਾਰਡਨ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ (Daylesford SUV Crash) ’ਚ ਮ੍ਰਿਤਕਾਂ ਦੀ ਪਛਾਣ ਸਾਹਮਣੇ ਆਈ ਹੈ। ਹਾਦਸੇ ਦੇ ਪੀੜਤ ਭਾਰਤੀ ਮੂਲ ਦੇ ਤਿੰਨ ਪਰਿਵਾਰਾਂ ਦਾ ਹਿੱਸਾ ਸਨ ਜੋ ਕਰੀਬ ਇੱਕ ਦਹਾਕੇ ਤੋਂ ਦੋਸਤ ਸਨ ਅਤੇ ਲੰਬਾ ਵੀਕਐਂਡ ਇਕੱਠੇ ਬਿਤਾ ਰਹੇ ਸਨ। ਹਾਦਸਾ ਬੀਤੇ ਦਿਨ ਉਦੋਂ ਵਾਪਰਿਆ ਸੀ ਜਦੋਂ ਇੱਕ BMW SUV ਕਰਬ ਉੱਤੇ ਚੜ੍ਹ ਗਈ ਅਤੇ ਪੱਬ ’ਚ ਛੁੱਟੀਆਂ ਦਾ ਆਨੰਦ ਮਾਣ ਰਹੇ ਲੋਕਾਂ ’ਤੇ ਚੜ੍ਹ ਗਈ, ਨਤੀਜੇ ਵਜੋਂ ਪੰਜ ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ ’ਚ ਪੁਆਇੰਟ ਕੁੱਕ ਦੀ ਵਕੀਲ ਪ੍ਰਤਿਭਾ ਸ਼ਰਮਾ (44), ਉਸ ਦੀ ਧੀ ਅਨਵੀ (9), ਜੀਵਨਸਾਥੀ ਜਤਿਨ ਚੁੱਘ (30) ਤੋਂ ਇਲਾਵਾ ਟਰਨੀਟ ਵਾਸੀ ਵਿਵੇਕ ਭਾਟੀਆ (38) ਅਤੇ ਉਸ ਦਾ ਵੱਡਾ ਪੁੱਤਰ ਵਿਹਾਨ (11) ਸ਼ਾਮਲ ਹਨ। ਵਿਵੇਕ ਦੀ ਪਤਨੀ ਰੁਚੀ ਭਾਟੀਆ (36) ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਜਦਕਿ ਉਨ੍ਹਾਂ ਦੇ ਛੇ ਸਾਲਾਂ ਦੇ ਬੇਟੇ ਅਬੀਰ ਦੀ ਹਾਲਤ ਸਥਿਰ ਹੈ। ਤੀਜੇ ਪੀੜਤ ਪ੍ਰਵਾਰ ’ਚ ਕੇਨਟੋਨ ਵਾਸੀ 43 ਸਾਲਾਂ ਦੀ ਔਰਤ ਅਤੇ ਕੋਕਾਟੂ ਦੇ 38 ਸਾਲਾਂ ਦਾ ਵਿਅਕਤੀ ਅਤੇ 11 ਮਹੀਨਿਆਂ ਦਾ ਬੱਚਾ ਸ਼ਾਮਲ ਹਨ ਜੋ ਜ਼ੇਰੇ ਇਲਾਜ ਹਨ।
SUV ਦਾ 66 ਸਾਲਾਂ ਦਾ ਡਰਾਈਵਰ ਜ਼ਖਮੀ ਹਾਲਤ ’ਚ ਹਸਪਤਾਲ ਦਾਖ਼ਲ ਹੈ ਅਤੇ ਪੁਲਿਸ ਵੱਲੋਂ ਉਸ ਤੋਂ ਪੁੱਛ-ਪੜਤਾਲ ਕੀਤੇ ਜਾਣ ਦੀ ਉਮੀਦ ਹੈ। ਦਸਿਆ ਜਾ ਰਿਹਾ ਹੈ ਕਿ ਡਰਾਈਵਰ ਨਸ਼ੇ ਦੀ ਹਾਲਤ ’ਚ ਨਹੀਂ ਸੀ।
ਘਟਨਾ ਤੋਂ ਬਾਅਦ ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਲੋਕ ਸਦਮੇ ’ਚ ਹਨ ਅਤੇ ਡੇਲੇਸਫੋਰਡ ਦੇ ਵਿਕਟੋਰੀਆ ਪਾਰਕ ਵਿਖੇ 200 ਤੋਂ ਵੱਧ ਲੋਕਾਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠ ਕੀਤਾ। ਦੁਖਾਂਤ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਸਥਾਨਕ ਲੋਕਾਂ ਲਈ ਕਮਿਊਨਿਟੀ ਹੈਲਥ ਸੈਂਟਰ ਵਿਖੇ ਇੱਕ ਕਾਉਂਸਲਿੰਗ ਸੇਵਾ ਸਥਾਪਤ ਕੀਤੀ ਗਈ ਹੈ।
ਸਮਾਜ ਸੇਵਾ ਲਈ ਸਮਰਪਿਤ ਸੀ ਪ੍ਰਤਿਭਾ ਸ਼ਰਮਾ
ਹਾਦਸੇ ’ਚ ਮਾਰੀ ਗਈ ਵਕੀਲ ਪ੍ਰਤਿਭਾ ਸ਼ਰਮਾ 2018 ’ਚ ਸਟੇਟ ਪਾਰਲੀਮੈਂਟ ਲਈ ਚੋਣਾਂ ਲੜ ਚੁੱਕੀ ਹੈ ਅਤੇ ਉਸ ਨੇ ਵੇਨਡਾਮ ਸਿਟੀ ਕੌਂਸਲ ਦੀਆਂ ਚੋਣਾਂ ’ਚ ਵੀ ਕਿਸਮਤ ਅਜ਼ਮਾਈ ਸੀ। ਮਹਾਂਮਾਰੀ ਦੌਰਾਨ ਇਸ ਵਚਨਬੱਧ ਕਮਿਊਨਿਟੀ ਵਲੰਟੀਅਰ ਨੇ ਘਰੇਲੂ ਏਕਾਂਤਵਾਸ ਕੱਟ ਰਹੇ ਲੋਕਾਂ ਨੂੰ ਭੋਜਨ ਪੈਕੇਜ ਵੰਡੇ ਸਨ। ਇਸ ਸਾਲ ਜੂਨ ’ਚ ਹੀ ਉਸ ਨੂੰ ਵਿਕਟੋਰੀਆ ਦੀ ਸੁਪਰੀਮ ਕੋਰਟ ’ਚ ਵਕੀਲ ਵੱਲੋਂ ਦਾਖ਼ਲਾ ਮਿਲਿਆ ਸੀ। ਸਾਬਕਾ ਵਿਕਟੋਰੀਅਨ ਸੰਸਦ ਮੈਂਬਰ ਕੌਸ਼ਲਿਆ ਵਾਘੇਲਾ ਨੇ ਕਿਹਾ ਕਿ ਸ਼ਰਮਾ ਭਾਰਤੀ ਭਾਈਚਾਰੇ ’ਚ ਕਾਫ਼ੀ ਮਸ਼ਹੂਰ ਸੀ ਅਤੇ ਆਪਣੀ ‘ਤੇਜ਼-ਤਰਾਰ ਸ਼ਖ਼ਸੀਅਤ ਅਤੇ ਵਲੰਟੀਅਰ ਕੰਮਾਂ’ ਲਈ ਜਾਣੀ ਜਾਂਦੀ ਸੀ।






2 thoughts on “ਡੇਲਸਫੋਰਡ ਹਾਦਸੇ ’ਚ ਭਾਰਤੀ ਮੂਲ ਦੇ 5 ਵਿਅਕਤੀਆਂ ਦੀ ਮੌਤ ਮਗਰੋਂ ਭਾਈਚਾਰਾ ਸਦਮੇ ’ਚ, 4 ਜ਼ਖ਼ਮੀਆਂ ਲਈ ਦੁਆਵਾਂ (Daylesford SUV Crash News)”