ਮੈਲਬਰਨ: ਲਗਭਗ ਚਾਰ ਦਹਾਕੇ ਪਹਿਲਾਂ ਲਾਪਤਾ ਹੋਈ ਔਰਤ Sharon Fulton ਦੇ ਕਤਲ ਕੇਸ ’ਚ ਉਸ ਦੇ ਪਤੀ ਮੈਕਸਵੈੱਲ ਰੌਬਰਟ ਫੁਲਟਨ ਨੂੰ ਦੋਸ਼ੀ ਬਣਾਇਆ ਗਿਆ ਹੈ। ਵ੍ਹੀਲਚੇਅਰ ’ਤੇ ਬੈਠੇ ਇਸ 77 ਸਾਲਾਂ ਦੇ ਬਜ਼ੁਰਗ ਵਿਅਕਤੀ, ਜੋ ਹੁਣ ਰੇਮੰਡ ਰੈਡਿੰਗਟਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਪਰਥ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਸ਼ੁੱਕਰਵਾਰ ਨੂੰ ਪਰਥ ਮੈਜਿਸਟ੍ਰੇਟ ਅਦਾਲਤ ਵਿੱਚ ਵਿਸ਼ੇਸ਼ ਅਪਰਾਧ ਸਕੁਐਡ ਦੇ ਜਾਂਚਕਰਤਾਵਾਂ ਵੱਲੋਂ ਉਸ ’ਤੇ 18 ਮਾਰਚ, 1986 ਨੂੰ ਸ਼ੈਰਨ ਫੁਲਟਨ ਦਾ ਜਾਣਬੁੱਝ ਕੇ ਕਤਲ ਕਰਨ ਦਾ ਦੋਸ਼ ਹੈ। ਆਪਣੇ ’ਤੇ ਲੱਗੇ ਦੋਸ਼ਾਂ ’ਤੇ ਪ੍ਰਤੀਕਿਰਿਆ ਦੇਣ ਦੇ ਸਵਾਲ ’ਤੇ ਉਸ ਨੇ ਕਿਹਾ, ‘‘ਮੈਨੂੰ ਕੁਝ ਨਹੀਂ ਦਿੱਤਾ ਗਿਆ, ਕੋਈ ਕਾਗਜ਼ ਜਾਂ ਕੁਝ ਨਹੀਂ।’’
ਉਸ ਨੂੰ ਸ਼ੁੱਕਰਵਾਰ ਨੂੰ ਵੀਡੀਓ ਲਿੰਕ ਰਾਹੀਂ ਪਰਥ ਮੈਜਿਸਟ੍ਰੇਟ ਅਦਾਲਤ ‘ਚ ਪੇਸ਼ ਕੀਤਾ ਗਿਆ ਹਿਰਾਸਤ ’ਚ ਲੈ ਲਿਆ ਗਿਆ। ਜ਼ਮਾਨਤ ਲਈ ਕੋਈ ਅਰਜ਼ੀ ਨਹੀਂ ਆਈ ਅਤੇ ਮਾਮਲੇ ਦੀ ਸੁਣਵਾਈ 22 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ। ਡਿਟੈਕਟਿਵ ਸੁਪਰਡੈਂਟ ਡੈਰਿਲ ਕੌਕਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਿਸ ਫੁਲਟਨ ਦੇ ਬੱਚੇ, ਜਿਨ੍ਹਾਂ ਦੀ ਉਮਰ ਉਸ ਸਮੇਂ ਚਾਰ ਤੋਂ 15 ਸਾਲ ਵਿਚਕਾਰ ਸੀ, ਗ੍ਰਿਫਤਾਰੀ ਤੋਂ ਹੈਰਾਨ ਰਹਿ ਗਏ ਸਨ। ਉਨ੍ਹਾਂ ਕਿਹਾ, ‘‘ਉਨ੍ਹਾਂ ਬੱਚਿਆਂ ’ਤੇ ਉਸ ਦੇ ਲਾਪਤਾ ਹੋਣ ਦਾ ਅਸਰ ਬਹੁਤ ਬੁਰਾ ਪਿਆ ਸੀ। ਮੈਂ ਅੱਜ ਸਵੇਰੇ ਸ਼ੈਰਨ ਦੇ ਇੱਕ ਬੱਚੇ ਨਾਲ ਨਿੱਜੀ ਤੌਰ ’ਤੇ ਗੱਲ ਕੀਤੀ ਅਤੇ ਉਸ ਨੇ ਦੁਖੀ ਹੋਣ ਦੇ ਬਾਵਜੂਦ ਕਿਹਾ ਕਿ ਉਸ ਨੂੰ ਨਿਆਂ ਪ੍ਰਣਾਲੀ ਵਿੱਚ ਬਹੁਤ ਭਰੋਸਾ ਹੈ।’’
ਕੀ ਹੈ Sharon Fulton ਕਤਲ ਕੇਸ?
39 ਸਾਲਾਂ ਦੀ ਚਾਰ ਬੱਚਿਆਂ ਦੀ ਮਾਂ ਨੂੰ ਆਖਰੀ ਵਾਰ ਪਰਥ ’ਚ ਉਸ ਦਿਨ ਰੇਲਗੱਡੀ ਦੀ ਉਡੀਕ ਕਰਦਿਆਂ ਦੇਖਿਆ ਗਿਆ ਸੀ, ਜਿਸ ਦਿਨ ਉਸ ਨੂੰ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ ਸੀ। ਪੱਛਮੀ ਆਸਟ੍ਰੇਲੀਅਨ ਪੁਲਿਸ ਵੱਲੋਂ ਵਿਆਪਕ ਜਾਂਚ ਦੇ ਬਾਵਜੂਦ ਉਸ ਦੀ ਲਾਸ਼ ਕਦੇ ਨਹੀਂ ਮਿਲੀ। ਉਨ੍ਹਾਂ ਦੇ ਪੁੱਤਰ ਹੀਥ ਫੁਲਟਨ, ਜੋ ਆਪਣੀ ਮਾਂ ਦੇ ਲਾਪਤਾ ਹੋਣ ਸਮੇਂ ਤਿੰਨ ਸਾਲ ਦਾ ਸੀ, ਨੇ ਮਾਰਚ ਵਿੱਚ ਮੀਡੀਆ ਨੂੰ ਕਿਹਾ ਕਿ ਉਹ ਚਾਹੁੰਦਾ ਸੀ ਕਿ ਸੱਚਾਈ ਸਾਹਮਣੇ ਆਵੇ, ਭਾਵੇਂ ਇਹ ਦੁਖੀ ਕਰਨ ਵਾਲੀ ਕਿਉਂ ਨਾ ਹੋਵੇ। ਉਸ ਨੇ ਕਿਹਾ ਸੀ, ‘‘ਮੇਰੀ ਮਾਂ ਨਾਲ ਜੋ ਵਾਪਰਿਆ ਉਸ ਤੋਂ ਵੱਧ ਮੈਂ ਜ਼ਿੰਦਗੀ ਵਿੱਚ ਹੋਰ ਕੁਝ ਜਾਣਨਾ ਨਹੀਂ ਚਾਹੁੰਦਾ।’’
ਬੰਦ ਪਏ ਕੇਸ ਦੇ ਜਾਸੂਸਾਂ ਨੇ 2007 ਅਤੇ 2017 ’ਚ ਫੁਲਟਨ ਦੇ ਕੇਸ ਦੀ ਸਮੀਖਿਆ ਕੀਤੀ ਸੀ ਅਤੇ 2022 ਵਿੱਚ ਇੱਕ ਕੋਰੋਨਲ ਜਾਂਚ ਕੀਤੀ ਗਈ ਸੀ, ਇਸ ਸਾਲ ਦੇ ਸ਼ੁਰੂ ਵਿੱਚ ਨਤੀਜੇ ਦਿੱਤੇ ਗਏ ਸਨ। WA ਸਰਕਾਰ ਨੇ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਉਣ ਵਾਲੀ ਜਾਣਕਾਰੀ ਲਈ ਮਈ ਵਿੱਚ 10 ਲੱਖ ਡਾਲਰ ਦੇ ਇਨਾਮ ਦੀ ਪੇਸ਼ਕਸ਼ ਵੀ ਕੀਤੀ ਸੀ। ਫੁਲਟਨ ਦੀ ਲਾਸ਼ ਲੱਭਣ ਲਈ ਪੁਲਿਸ ਦੀ ਜਾਂਚ ਜਾਰੀ ਹੈ ਪਰ ਪੁਲਿਸ ਸਰਗਰਮੀ ਨਾਲ ਇਸ ਦੀ ਖੋਜ ਨਹੀਂ ਕਰ ਰਹੀ ਹੈ।