ਮੈਲਬਰਨ: ਅਮਰੀਕਾ ’ਚ ਰਹਿਣ ਵਾਲੇ ਜੌਨ (ਨਾਂ ਬਦਲਿਆ) ਨੇ ਦੋ ਸਾਲ ਪਹਿਲਾਂ ਸਹਿ-ਕਰਮਚਾਰੀਆਂ ਦੇ ਇੱਕ ਸਮੂਹ ਨਾਲ 3.5 ਕਰੋੜ ਡਾਲਰ ਦੀ ਲਾਟਰੀ ਜਿੱਤੀ ਸੀ। ਹਾਲਾਂਕਿ, ਉਸ ਨੇ ਇਸ ਗੱਲ ਨੂੰ ਆਪਣੇ ਦੋ ਬੱਚਿਆਂ ਅਤੇ ਉਸ ਦੇ ਜ਼ਿਆਦਾਤਰ ਪਰਿਵਾਰ ਤੋਂ ਵੀ ਗੁਪਤ ਰੱਖਿਆ ਹੈ।
ਸਿਰਫ ਉਸ ਦੀ ਪਤਨੀ ਅਤੇ ਭਰਾ ਨੂੰ ਹੀ ਇਸ ਜਿੱਤ ਬਾਰੇ ਪਤਾ ਹੈ। ਜੌਨ ਅਤੇ ਉਸ ਦੀ ਪਤਨੀ ਨੇ ਸੋਚਿਆ ਕਿ ਜੇਕਰ ਇਸ ਵੱਡੀ ਜਿੱਤ ਬਾਰੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੱਸ ਦਿਤਾ ਤਾਂ ਉਨ੍ਹਾਂ ਦੇ ਬੱਚੇ ਏਨੀ ਦੌਲਤ ਵੇਖ ਕੇ ਆਲਸੀ ਬਣ ਜਾਣਗੇ ਅਤੇ ਮਿਹਨਤ ਕਰ ਕੇ ਕੁਝ ਬਣਨ ਦੀ ਬਜਾਏ ਆਪਣੇ ਮਾਪਿਆਂ ਦੇ ਮਰਨ ਦੀ ਉਡੀਕ ਕਰਨਗੇ ਤਾਂ ਕਿ ਵਿਰਾਸਤ ’ਚ ਮਿਲੇ ਪੈਸੇ ਨਾਲ ਐਸ਼ ਕਰ ਸਕਣ। ਇਹੀ ਸੋਚ ਕੇ ਉਨ੍ਹਾਂ ਨੇ ਆਪਣੀ ਜਿੱਤ ਨੂੰ ਗੁਪਤ ਰੱਖਣ ਦਾ ਫੈਸਲਾ ਕੀਤਾ।
ਹਾਲਾਂਕਿ ਜੌਨ ਨੇ ਆਪਣੇ ਪੈਸੇ ਦੀ ਵਰਤੋਂ ਜ਼ਰੂਰਤਮੰਦਾਂ ਦੀ ਮਦਦ ਜਾਰੀ ਰੱਖੀ ਅਤੇ ਆਪਣੇ ਮਾਂ ਲਈ ਘਰ ਵੀ ਖ਼ਰੀਦ ਦੇ ਦਿੱਤਾ। ਜਦੋਂ ਉਨ੍ਹਾਂ ਤੋਂ ਲੋਕ ਏਨੇ ਪੈਸੇ ਦੇ ਸਰੋਤ ਬਾਰੇ ਪੁੱਛਦੇ ਤਾਂ ਉਹ ਆਪਣੀ ਪਤਨੀ ਦੇ ਦਾਦਾ ਚਾਚਾ ਬੌਬ ਦੀ ਮੌਤ ਤੋਂ ਬਾਅਦ ਵਿਰਾਸਤ ’ਚ ਮਿਲੀ ਦੌਲਤ ਦਾ ਬਹਾਨਾ ਬਣਾ ਦਿੰਦੇ ਸੀ। ਵੱਡੀ ਜਿੱਤ ਦੇ ਬਾਵਜੂਦ, ਜੌਨ ਦੀ ਜੀਵਨਸ਼ੈਲੀ ਆਮ ਵਾਂਗ ਰਹੀ। ਉਹ ਆਪਣੇ ਪਹਿਲਾਂ ਵਾਲੇ ਘਰ ’ਚ ਹੀ ਰਹਿੰਦਾ ਹੈ ਅਤੇ ਨਾ ਹੀ ਉਸ ਨੇ ਨਵੀਂਆਂ ਗੱਡੀਆਂ ਖ਼ਰੀਦਣ ’ਤੇ ਕੋਈ ਫ਼ਜ਼ੂਲਖ਼ਰਚੀ ਕੀਤੀ। ਉਸ ਨੇ ਆਪਣੀ ਨੌਕਰੀ ਵੀ ਜਾਰੀ ਰੱਖੀ ਕਿਉਂਕਿ ਉਸ ਨੂੰ ਕੰਮ ਕਰਨਾ ਪਸੰਦ ਹੈ।