Sia ਨੂੰ ਪੰਜਾਬੀ ’ਚ ਗਾਉਣ ਲਾਇਆ ਦਿਲਜੀਤ ਦੁਸਾਂਝ ਨੇ, ਜਾਣੋ ਆਸਟ੍ਰੇਲੀਆਈ ਗਾਇਕਾ ਵਲੋਂ ਸੁਣਾਈ ਰਿਕਾਰਡਿੰਗ ਦੀ ਆਪਬੀਤੀ

ਮੈਲਬਰਨ: ਆਸਟ੍ਰੇਲੀਅਨ ਪੌਪ ਸਨਸਨੀ Sia ਦਾ ਨਵਾਂ ਗੀਤ ਆ ਗਿਆ ਹੈ ਅਤੇ ਉਸ ਨੇ ਆਪਣੇ ਇਸ ਤਾਜ਼ਾ ਗੀਤ ’ਚ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Daljit Dosanjh) ਨਾਲ ਤਾਲ ਮਿਲਾਈ ਹੈ, ਉਹ ਵੀ ਪੰਜਾਬੀ ’ਚ।

ਦੋਹਾਂ ਦਾ ਤਾਜ਼ਾ ਗੀਤ ‘ਹੱਸ ਹੱਸ’ (Hass Hass) ਪਹਿਲਾਂ ਹੀ ਬਹੁਤ ਚਰਚਾ ’ਚ ਹੈ। Sia ਆਪਣੀ ਵੱਖਰੀ ਆਵਾਜ਼ ਲਈ ਮਸ਼ਹੂਰ ਹੈ ਅਤੇ ਇਸ ਗੀਤ ਵਿੱਚ, ਉਸ ਨੇ ਪੰਜਾਬੀ ਸਤਰਾਂ ਨੂੰ ਵੀ ਬਹੁਤ ਵਧੀਆ ਢੰਗ ਨਾਲ ਗਾਇਆ ਹੈ। ਸੀਆ ਨੇ ਪੰਜਾਬੀ ਵਿੱਚ ਗਾਉਣ ਦੇ ਆਪਣੇ ਅਨੁਭਵ ਬਾਰੇ ਬੋਲਦਿਆਂ ਕਿਹਾ, ‘‘ਹੱਸ ਹੱਸ ਨੂੰ ਇੰਨੇ ਪਿਆਰ ਨਾਲ ਬਣਾਇਆ ਗਿਆ ਸੀ ਕਿ ਮੈਂ ਪੂਰੀ ਤਰ੍ਹਾਂ ਇਸ ਦੇ ਰੰਗ ’ਚ ਰੰਗੀ ਗਈ।’’

ਕਿਸ ਤਰ੍ਹਾਂ ਦੀ ਰਹੀ Sia ਵੱਲੋਂ ਪੰਜਾਬੀ ਦੀ ਰਿਕਾਰਡਿੰਗ?

Sia ਨੇ ਅੱਗੇ ਇਹ ਵੀ ਕਿਹਾ, ­‘‘ਪੰਜਾਬੀ ਬੋਲਣਾ ਅਸਲ ’ਚ ਬਹੁਤ ਔਖਾ ਹੈ; ਗਾਉਣ ’ਚ ਮੈਨੂੰ ਏਨਾ ਜ਼ੋਰ ਲਾਉਣਾ ਪਿਆ ਕਿ ਮੈਂ ਪੂਰੀ ਪਸੀਨੇ ’ਚ ਭਿੱਜ ਗਈ, ਤਾਂ ਕਿ ਬੋਲ ਬਿਲਕੁਲ ਠੀਕ ਆ ਸਕਣ। ਮੈਨੂੰ ਕਹਿਣਾ ਪਿਆ ਕਿ ਉਹ ਮੇਰੀਆਂ ਤਸਵੀਰਾਂ ਖਿੱਚਣੀਆਂ ਬੰਦ ਕਰਨ ਕਿਉਂਕਿ ਜਦੋਂ ਤਕ ਬੋਲ ਸਹੀ ਆਏ ਉਦੋਂ ਤਕ ਮੈਂ ਪਸੀਨੇ ਕਾਰਨ ਗੁੜੁੱਚ ਹੋਈ ਪਈ ਸੀ।’’

ਕਈ ਹਾਈ-ਪ੍ਰੋਫਾਈਲ ਪ੍ਰਾਜੈਕਟਾਂ ’ਤੇ ਕੰਮ ਕਰ ਚੁੱਕੇ ਦਿਲਜੀਤ ਦੇ ਦਿਲ ’ਚ ਵੀ ਇਸ ਪ੍ਰਾਜੈਕਟ ਲਈ ਖਾਸ ਜਗ੍ਹਾ ਹੈ। ਗਾਇਕ ਦੇ ਅਨੁਸਾਰ, ‘‘ਇਹ ਸਹਿਯੋਗ ਬਹੁਤ ਹੀ ਖਾਸ ਹੈ, ਕਿਉਂਕਿ ਸੀਆ ਨੇ ਪੰਜਾਬੀ ਵਿੱਚ ਗਾਉਣ ਦਾ ਉੱਦਮ ਕੀਤਾ ਹੈ!’’

ਸੀਆ ਦੇ ਪੰਜਾਬੀ ਅਤੇ ਅੰਗਰੇਜ਼ੀ ਬੋਲਾਂ ਕਾਰਨ ਇਸ ਗੀਤ ਵਿੱਚ ਇੱਕ ਵੱਖਰਾ ਸੁਮੇਲ ਬਣਿਆ ਹੈ। ਸੋਸ਼ਲ ਮੀਡੀਆ ਦੇ ਜ਼ਰੀਏ, ਦੋਵਾਂ ਸੰਗੀਤਕਾਰਾਂ ਨੇ ਗੀਤ ਦੇ ਰਿਲੀਜ਼ ਘੋਸ਼ਣਾ ਦੇ ਨਾਲ ਸੰਗੀਤ ਵੀਡੀਓ ਦਾ ਟੀਜ਼ਰ ਵੀ ਜਾਰੀ ਕੀਤਾ ਹੈ। ਗੀਤ ਆਪਣੇ ਆਪ ਵਿੱਚ ਵੱਖ-ਵੱਖ ਸੰਗੀਤਕ ਸ਼ੈਲੀਆਂ ਅਤੇ ਨਸਲੀ ਵਿਭਿੰਨਤਾ ਦਾ ਇੱਕ ਸ਼ਾਨਦਾਰ ਸੰਯੋਜਨ ਹੈ।

ਦਿਲਜੀਤ ਹਾਲ ਹੀ ਵਿੱਚ ਮੈਲਬੌਰਨ ਦੇ ਰਾਡ ਲੈਵਰ ਅਰੇਨਾ, ਸਿਡਨੀ ਦੇ ਕੁਡੋਸ ਬੈਂਕ ਅਰੇਨਾ, ਅਤੇ ਬ੍ਰਿਸਬੇਨ ਐਂਟਰਟੇਨਮੈਂਟ ਸੈਂਟਰ ਸਮੇਤ ਆਸਟ੍ਰੇਲੀਆ ਵਿੱਚ ਪ੍ਰਤਿਸ਼ਠਾਵਾਨ ਸਥਾਨਾਂ ’ਤੇ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਭਾਰਤੀ ਕਲਾਕਾਰ ਬਣ ਕੇ ਸੁਰਖੀਆਂ ਵਿੱਚ ਰਿਹਾ ਹੈ।

Leave a Comment