Cricket World Cup : ਫਸਵੇਂ ਮੁਕਾਬਲੇ ’ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਪੰਜ ਦੌੜਾਂ ਨਾਲ ਹਰਾਇਆ, ਬਣਾਇਆ ਇਹ ਨਵਾਂ ਰਿਕਾਰਡ

ਮੈਲਬਰਨ: ਭਾਰਤ ’ਚ ਚਲ ਰਹੇ Cricket World Cup ’ਚ ਦਰਸ਼ਕਾਂ ਨੂੰ ਕ੍ਰਿਕੇਟ ਦੇ ਮਹਾਨਤਮ ਮੈਚਾਂ ਵਿੱਚੋਂ ਇੱਕ ਮੈਚ ਵੇਖਣ ਨੂੰ ਮਿਲਿਆ ਜਿਸ ਦੌਰਾਨ ਆਸਟਰੇਲੀਆ ਨੇ ਇਕ ਫਸਵੀਂ ਟੱਕਰ ’ਚ ਨਿਊਜ਼ੀਲੈਂਡ ਨੂੰ ਪੰਜ ਦੌੜਾਂ ਨਾਲ ਹਰਾ ਦਿਤਾ।

ਹਿਮਾਚਲ ਪ੍ਰਦੇਸ਼ ’ਚ ਸਥਿਤ ਧਰਮਸ਼ਾਲਾ ਦੇ ਸਟੇਡੀਅਮ ’ਚ ਆਖ਼ਰੀ ਗੇਂਦ ਤਕ ਚੱਲੇ ਇਸ ਮੁਕਾਬਲੇ ’ਚ 388 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਨੇ ਰਚਿਨ ਰਵਿੰਦਰਾ ਦੀ 89 ਗੇਂਦਾਂ ’ਚ 116 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੂੰ ਸਖ਼ਤ ਟੱਕਰ ਦਿੱਤੀ। ਪਰ ਆਖ਼ਰੀ ਓਵਰ ’ਚ ਮਿਸ਼ੇਲ ਸਟਾਰਕ ਦੀ ਕਸਵੀਂ ਗੇਂਦਬਾਜ਼ੀ ਅਤੇ ਬਿਹਤਰੀਨ ਆਸਟ੍ਰੇਲੀਆਈ ਫ਼ੀਲਡਿੰਗ ਦੀ ਬਦੌਲਤ ਮੈਚ ਨਿਊਜ਼ੀਲੈਂਡ ਦੇ ਹੱਥਾਂ ’ਚੋਂ ਫਿਸਲ ਗਿਆ। 39 ਗੇਂਦਾਂ ’ਤੇ 58 ਦੌੜਾਂ ਕੇ ਖੇਡ ਰਹੇ ਜਿੱਮੀ ਨੀਸ਼ਾਮ ਦੇ ਰਨ ਆਊਟ ਹੋਣ ਤੋਂ ਬਾਅਦ ਨਿਊਜ਼ੀਲੈਂਡ ਨੇ 1 ਗੇਂਦ ’ਤੇ ਛੇ ਦੌੜਾਂ ਬਣਾਉਣੀਆਂ ਸਨ ਪਰ ਟਰੈਂਟ ਬੋਲਟ ਸਿਰਫ਼ ਇੱਕ ਦੌੜ ਹੀ ਬਣਾ ਸਕਿਆ।

ਮੈਚ ’ਚ ਕੁਲ ਮਿਲਾ ਕੇ 771 ਦੌੜਾਂ ਬਣੀਆਂ ਜੋ ਕਿ ਕਿਸੇ ਵੀ ਵਿਸ਼ਵ ਕੱਪ ਮੈਚ ’ਚ ਬਣੀਆਂ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ ਬਿਹਤਰੀਨ ਸ਼ੁਰੂਆਤ ਕੀਤੀ ਅਤੇ ਉਸ ਦੇ ਓਪਨਰ ਡੇਵਿਡ ਮਾਰਨਰ ਅਤੇ ਟਰੈਵਿਸ ਹੇਡ ਨੇ 19ਵੇਂ ਓਵਰ ’ਚ ਹੀ ਟੀਮ ਦਾ ਸਕੋਰ 175 ’ਤੇ ਪਹੁੰਚਾ ਦਿਤਾ। ਵਾਰਨਰ 81 ਦੌੜਾਂ ਬਣਾ ਕੇ ਆਊਟ ਹੋਏ। ਪਰ ਮੈਚ ਦਾ ਪ੍ਰਮੁੱਖ ਆਕਰਸ਼ਣ ਸੱਟ ਤੋਂ ਠੀਕ ਹੋ ਕੇ ਆਏ ਹੇਡ ਰਹੇ ਜਿਨ੍ਹਾਂ ਨੇ ਸਿਰਫ਼ 67 ਗੇਂਦਾਂ ’ਤੇ 109 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ‘ਪਲੇਅਰ ਆਫ਼ ਦਾ ਮੈਚ’ ਵੀ ਐਲਾਨਿਆ ਗਿਆ।

Cricket World Cup ’ਚ ਆਸਟ੍ਰੇਲੀਆਈ ਟੀਮ ਦੀ ਆਲੋਚਨਾ ਕਰਨ ਵਾਲਿਆਂ ਦੇ ਮੂੰਹ ਬੰਦ

ਇਸ ਮੈਚ ’ਚ ਜਿੱਤ ਦੇ ਨਾਲ ਹੀ ਵਿਸ਼ਵ ਕੱਪ ’ਚ ਪਹਿਲੇ ਦੋ ਮੈਚਾਂ ’ਚ ਹਾਰ ਮਿਲਣ ਮਗਰੋਂ ਆਲੋਚਨਾ ਦਾ ਸਾਹਮਣਾ ਕਰ ਰਹੀ ਆਸਟ੍ਰੇਲੀਆ ਦੀ ਟੀਮ ਨੇ ਲਗਾਤਾਰ ਚਾਰ ਮੈਚ ਜਿੱਤ ਕੇ ਆਲੋਚਕਾਂ ਦੇ ਮੂੰਹ ਬੰਦ ਕਰ ਦਿਤੇ ਹਨ ਅਤੇ ਸਾਬਤ ਕਰ ਦਿੱਤਾ ਹੈ ਕਿ ਉਹ ਅਜੇ ਵੀ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਟੀਮ ਹੈ। ਅੰਕ ਤਾਲਿਕਾ ’ਚ ਉਹ ਹੁਣ 8 ਅੰਕਾਂ ਨਾਲ ਨਿਊਜ਼ੀਲੈਂਡ ਦੇ ਬਰਾਬਰ ਆ ਗਈ ਹੈ। ਹਾਲਾਂਕਿ ਦੌੜਾਂ ਦੇ ਔਸਤ ਦੇ ਹਿਸਾਬ ਨਾਲ ਉਸ ਦਾ ਦਰਜਾ ਚੌਥਾ ਹੈ, ਜਦਕਿ ਨਿਊਜ਼ਲੈਂਡ ਦਾ ਤੀਜਾ।

1 thought on “Cricket World Cup : ਫਸਵੇਂ ਮੁਕਾਬਲੇ ’ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਪੰਜ ਦੌੜਾਂ ਨਾਲ ਹਰਾਇਆ, ਬਣਾਇਆ ਇਹ ਨਵਾਂ ਰਿਕਾਰਡ”

Leave a Comment