ਮੈਲਬਰਨ: ਆਸਟਰੇਲੀਅਨ ਕੈਪੀਟਲ ਟੈਰੀਟਰੀ (ACT) ਆਸਟਰੇਲੀਆ ਵਿੱਚ ਕੋਕੀਨ, ਹੈਰੋਇਨ, ਆਈਸ, ਅਤੇ MDMA ਵਰਗੀਆਂ ਛੋਟੀਆਂ ਮਾਤਰਾ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਗ਼ੈਰਅਪਰਾਧਿਕ (ACT decriminalised small amounts of some illicit drugs) ਬਣਾਉਣ ਵਾਲਾ ਪਹਿਲਾ ਅਧਿਕਾਰ ਖੇਤਰ ਬਣ ਗਿਆ ਹੈ।
ਕੀ ਕਹਿੰਦੈ ACT ਦਾ ਨਵਾਂ ਕਾਨੂੰਨ?
ਕਾਨੂੰਨ ਵਿੱਚ ਇਸ ਤਬਦੀਲੀ ਨੂੰ “ਨਸ਼ੇ ਦੀ ਵਰਤੋਂ ਲਈ ਸਿਹਤ-ਅਧਾਰਿਤ ਪਹੁੰਚ” ਵਜੋਂ ਦਰਸਾਇਆ ਗਿਆ ਹੈ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਨਸ਼ੇ ਕਰਨਾ ਹੁਣ ਕਾਨੂੰਨੀ ਹਨ। ਇਸ ਦੀ ਬਜਾਏ ਨਵਾਂ ਲਾਗੂ ਹੋਇਆ ਕਾਨੂੰਨ ਇਹ ਕਹਿੰਦਾ ਹੈ ਕਿ ਇਨ੍ਹਾਂ ਪਦਾਰਥਾਂ ਦੀ ਥੋੜੀ ਮਾਤਰਾ ਦੇ ਨਾਲ ਫੜੇ ਗਏ ਵਿਅਕਤੀਆਂ ਨੂੰ ਸਜ਼ਾ ਦੇਣ ਦੀ ਬਜਾਏ ਜੁਰਮਾਨਾ ਕਰ ਕੇ ਜਾਂ ਡਾਕਟਰੀ ਇਲਾਜ ਲਈ ਭੇਜ ਦਿੱਤਾ ਜਾਵੇਗਾ। ਇਨ੍ਹਾਂ ਕਾਨੂੰਨਾਂ ਦੇ ਪਿੱਛੇ ਦਾ ਇਰਾਦਾ ਹੇਠਲੇ ਪੱਧਰ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਜਾਂ ਨਸ਼ਾ ਕਰਨ ਵਾਲਿਆਂ ਨੂੰ ਅਪਰਾਧਿਕ ਨਿਆਂ ਪ੍ਰਣਾਲੀ ਤੋਂ ਬਾਹਰ ਰੱਖਣਾ ਅਤੇ ਉਨ੍ਹਾਂ ਨੂੰ ਡਾਕਟਰੀ ਸੇਵਾਵਾਂ ਵੱਲ ਸੇਧਿਤ ਕਰਨਾ ਹੈ।
‘ਨਿੱਜੀ ਵਰਤੋਂ’ ਲਈ ਮੰਨੀ ਜਾਣ ਵਾਲੀ ਮਾਤਰਾ ਨਸ਼ਾ ਵਿਸ਼ੇਸ਼ ’ਤੇ ਨਿਰਭਰ ਕਰੇਗੀ। ਜੇਕਰ ਪੁਲਿਸ ਨੂੰ ਘੱਟ ਮਾਤਰਾ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਵਾਲੇ ਵਿਅਕਤੀ ਲੱਭਦਾ ਹੈ, ਤਾਂ ਉਨ੍ਹਾਂ ਕੋਲ ਚੇਤਾਵਨੀ ਜਾਰੀ ਕਰਨ, 100 ਡਾਲਰ ਦਾ ਜੁਰਮਾਨਾ, ਜਾਂ ਉਨ੍ਹਾਂ ਨੂੰ ਡਰੱਗ-ਡਾਇਵਰਸ਼ਨ ਪ੍ਰੋਗਰਾਮ ਵਿੱਚ ਭੇਜਣ ਦਾ ਬਦਲ ਹੋਵੇਗਾ। ਨਸ਼ੇ ਜ਼ਬਤ ਕਰ ਲਏ ਜਾਣਗੇ। ਕਿਸੇ ਵੀ ਮਾਤਰਾ ਦਾ ਨਸ਼ਾ ਕਰ ਕੇ ਗੱਡੀ ਚਲਾਉਣਾ ਅਜੇ ਵੀ ਗ਼ੈਰਕਾਨੂੰਨੀ ਹੈ।
ਇਨ੍ਹਾਂ ਨਵੇਂ ਕਾਨੂੰਨਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਪ੍ਰਗਤੀਸ਼ੀਲ ਨੀਤੀ ਦੇ ਇੱਕ ਹੋਰ ਹਿੱਸੇ ਵਜੋਂ ਵੇਖਿਆ ਗਿਆ ਹੈ। ਹਾਲਾਂਕਿ, ਆਸਟ੍ਰੇਲੀਆ ਦੀ ਹਰ ਸਰਕਾਰ ਦੀ ਤਰ੍ਹਾਂ, ACT ਦੇ ਨੇਤਾਵਾਂ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਤਰਜੀਹ ਦੇਣਗੇ ਕਿ ਕੋਈ ਵੀ ਗੈਰ-ਕਾਨੂੰਨੀ ਨਸ਼ਾ ਨਾ ਕਰੇ।