ਸਿਡਨੀ ਦੀ ਇਕ ਕੌਂਸਲ ਨੇ Palestine ਦੇ ਸਮਰਥਨ ’ਚ ਲਹਿਰਾਇਆ ਝੰਡਾ, ਆਸਟ੍ਰੇਲੀਆਈ ਯਹੂਦੀਆਂ ਨੇ ਕਦਮ ਨੂੰ ਦਸਿਆ ‘ਬੇਰਹਿਮ’

ਮੈਲਬਰਨ: ਦੱਖਣ-ਪੱਛਮੀ ਸਿਡਨੀ ਵਿੱਚ ਕੈਂਟਰਬਰੀ-ਬੈਂਕਸਟਾਉਨ ਕੌਂਸਲ ਨੇ ਸਰਬਸੰਮਤੀ ਨਾਲ ਆਪਣੇ ਸਥਾਨਕ ਭਾਈਚਾਰੇ ਅਤੇ ਗਾਜ਼ਾ ਦੇ ਲੋਕਾਂ ਦੇ ਸਮਰਥਨ ਵਿੱਚ Palestine ਦਾ ਝੰਡਾ ਲਹਿਰਾਉਣ ਲਈ ਵੋਟ ਕੀਤਾ ਹੈ। ਇਹ ਝੰਡਾ ਉਦੋਂ ਤੱਕ ਲਹਿਰਾਇਆ ਜਾਵੇਗਾ ਜਦੋਂ ਤੱਕ ਹਮਾਸ-ਇਜ਼ਰਾਈਲ ਵਿਚਾਲੇ ਚੱਲ ਰਹੇ ਸੰਘਰਸ਼ ਵਿੱਚ ਜੰਗਬੰਦੀ ਦਾ ਐਲਾਨ ਨਹੀਂ ਹੋ ਜਾਂਦਾ।

ਹਾਲਾਂਕਿ ਇਸ ਫੈਸਲੇ ਨੇ ਮਿਸ਼ਰਤ ਪ੍ਰਤੀਕ੍ਰਿਆਵਾਂ ਨੂੰ ਜਨਮ ਦਿੱਤਾ ਹੈ, ਜਿਸ ਵਿੱਚ ਕੁਝ ਨੇ ਸਮਰਥਨ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੂਜਿਆਂ ਨੇ, ਖਾਸ ਤੌਰ ’ਤੇ ਆਸਟ੍ਰੇਲੀਆ ’ਚ ਰਹਿਣ ਵਾਲੇ ਯਹੂਦੀ ਲੋਕਾਂ ਨੇ ਇਸ ਕਦਮ ਨੂੰ ‘ਬੇਰਹਿਮ ਅਤੇ ਗੈਰ-ਜ਼ਿੰਮੇਵਾਰਾਨਾ’ ਕਰਾਰ ਦਿੰਦੇ ਹੋਏ ਆਲੋਚਨਾ ਕੀਤੀ ਹੈ।

ਇਸ ਦੇ ਉਲਟ, ਸਿਡਨੀ ਦੇ ਪੂਰਬੀ ਉਪਨਗਰਾਂ ਵਿੱਚੋਂ ਇੱਕ ਰੈਂਡਵਿਕ ਸਿਟੀ ਕੌਂਸਲ ਨੇ ਖੇਤਰ ਦੇ ਵੱਡੇ ਯਹੂਦੀ ਲੋਕਾਂ ਵੱਲੋਂ ਪ੍ਰਗਟਾਈ ਨਾਰਾਜ਼ਗੀ ਕਾਰਨ ਫਲਸਤੀਨੀ ਝੰਡਾ ਲਹਿਰਾਉਣ ਦੇ ਆਪਣੇ ਫੈਸਲੇ ਨੂੰ ਪਲਟ ਦਿੱਤਾ।

ਹਮਾਸ ਅਤੇ ਇਜ਼ਰਾਈਲ ਵਿਚਕਾਰ ਟਕਰਾਅ ਹਾਲ ਹੀ ਵਿੱਚ ਵਧਿਆ ਹੈ, ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਇੱਕ ਹਮਲਾ ਕੀਤਾ ਸੀ ਜਿਸ ਵਿੱਚ ਲਗਭਗ 1,400 ਇਜ਼ਰਾਈਲੀ ਮਾਰੇ ਗਏ ਅਤੇ 200 ਤੋਂ ਵੱਧ ਬੰਧਕ ਬਣਾਏ ਗਏ। ਇਸ ਨੇ ਇਜ਼ਰਾਈਲ ਨੂੰ ਵੀ ਇੱਕ ਮਜ਼ਬੂਤ ਪ੍ਰਤੀਕਿਰਿਆ ਕਰਨ ਨੂੰ ਪ੍ਰੇਰਿਆ, ਜਿਸ ਦੇ ਨਤੀਜੇ ਵਜੋਂ ਗਾਜ਼ਾ ਵਿੱਚ ਹੁਣ ਤਕ ਲਗਭਗ 6000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੇ ਪੱਧਰ ’ਤੇ ਇਮਾਰਤਾਂ ਮਲਬੇ ’ਚ ਬਦਲ ਚੁਕੀਆਂ ਹਨ। ਇਜ਼ਰਾਈਲ ਨੇ ਕੱਲ੍ਹ ਆਪਣੀ ਫ਼ੌਜ ਨੂੰ ਵੀ ਟੈਂਕਾਂ ਸਮੇਤ ਗਾਜ਼ਾ ’ਚ ਉਤਾਰ ਦਿੱਤਾ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਅਗਵਾਈ ਵਾਲੀ ਆਸਟਰੇਲੀਆਈ ਸਰਕਾਰ ਨੇ ਇਜ਼ਰਾਈਲ ਲਈ ਸਮਰਥਨ ਜ਼ਾਹਰ ਕੀਤਾ ਹੈ ਅਤੇ ਉਸ ਵੱਲੋਂ ‘ਆਪਣਾ ਬਚਾਅ ਕਰਨ ਦੇ ਅਧਿਕਾਰ’ ਨੂੰ ਮਾਨਤਾ ਦਿੱਤੀ ਹੈ।

Leave a Comment