ਮੈਲਬਰਨ: ਸਿਡਨੀ ਦੀ 10 ਸਾਲਾਂ ਦੀ ਸਕੂਲੀ ਵਿਦਿਆਰਥਣ ਟਰਾਨ ਖਾ ਹਾਨ ਨੂੰ ਹੜ੍ਹ ਵਿੱਚ ਆਪਣੀ ਮਾਂ ਦੀ ਦੁਖਦਾਈ ਮੌਤ ਤੋਂ ਬਾਅਦ ਆਪਣਾ ਘਰ ਗੁਆਉਣ ਅਤੇ ਵੀਅਤਨਾਮ ਵਾਪਸ ਭੇਜੇ ਜਾਣ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੀ ਮਾਂ ਫਾਮ ਹੁਏਨ ਤ੍ਰਾਂਗ ਨੇ ਆਸਟ੍ਰੇਲੀਆ ਵਿੱਚ ਸਥਾਈ ਨਿਵਾਸ ਲਈ ਵੀਜ਼ਾ ਅਰਜ਼ੀ ਦਿੱਤੀ ਸੀ ਜੋ ਉਸ ਦੀ ਮੌਤ ਕਾਰਨ ਮੁਅੱਤਲ ਕਰ ਦਿੱਤੀ ਗਈ ਹੈ।
ਤ੍ਰਾਂਗ ਅਤੇ ਹਾਨ ਹਾਦਸੇ ਤੋਂ ਦੋ ਸਾਲ ਪਹਿਲਾਂ ਵਿਅਤਨਾਮ ਤੋਂ ਸਿਡਨੀ ਹਾਨ ਦੇ ਮਤਰੇਏ ਪਿਤਾ ਲਿਨਹ ਹੋਆਂਗ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਆਸਟ੍ਰੇਲੀਆ ਆਏ ਸਨ, ਜੋ ਕਿ ਇੱਕ ਆਸਟਰੇਲੀਆਈ ਨਾਗਰਿਕ ਹੈ। ਪਰਿਵਾਰ ਅਜੇ ਵੀ ਹੜ੍ਹਾਂ ਕਾਰਨ ਹੋਏ ਆਪਣੇ ਨੁਕਸਾਨ ਨਾਲ ਜੂਝ ਰਿਹਾ ਹੈ, ਅਤੇ ਹਾਨ, ਜੋ ਆਪਣੀ ਮਾਂ ਦੇ ਬਹੁਤ ਨਜ਼ਦੀਕ ਸੀ, ਖਾਸ ਤੌਰ ’ਤੇ ਪ੍ਰਭਾਵਿਤ ਹੋਈ ਹੈ।
ਆਸਟਰੇਲੀਆ ਵਿੱਚ ਹਾਨ ਦੇ ਭਵਿੱਖ ਬਾਰੇ ਅਨਿਸ਼ਚਿਤਤਾ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਵਧਾ ਦਿੰਦੀ ਹੈ। ਜੇਕਰ ਵਾਪਿਸ ਵੀਅਤਨਾਮ ਭੇਜਿਆ ਜਾਂਦਾ ਹੈ, ਤਾਂ ਹਾਨ ਦੀ ਕੋਈ ਉਚਿਤ ਦੇਖਭਾਲ ਨਹੀਂ ਹੋਵੇਗੀ ਕਿਉਂਕਿ ਉਸ ਦਾ ਸਕਾ ਪਿਤਾ ਵਿੱਤੀ ਕਾਰਨਾਂ ਕਰ ਕੇ ਉਸ ਦੀ ਪਰਵਰਿਸ਼ ਕਰਨ ਦੇ ਕਾਬਲ ਨਹੀਂ ਹੈ ਅਤੇ ਨਾ ਹੀ ਉਸ ਨੇ ਇਸ ’ਚ ਦਿਲਚਸਪੀ ਵਿਖਾਈ ਹੈ। ਉਸ ਦੇ ਦਾਦਾ-ਦਾਦੀ ਉਸ ਦੀ ਦੇਖਭਾਲ ਕਰਨ ਲਈ ਬਹੁਤ ਬਜ਼ੁਰਗ ਹਨ। ਉਸ ਦੇ ਦਾਦਾ-ਦਾਦੀ ਅਤੇ ਉਹ ਖੁਦ ਚਾਹੁੰਦੀ ਹੈ ਕਿ ਉਹ ਬਿਹਤਰ ਪੜ੍ਹਾਈ-ਲਿਖਾਈ ਅਤੇ ਜੀਵਨ ਲਈ ਆਸਟ੍ਰੇਲੀਆ ’ਚ ਹੀ ਰਹੇ।
ਹੋਆਂਗ ਨੇ ਜੂਨ ਵਿੱਚ ਮਾਈਗ੍ਰੇਸ਼ਨ ਏਜੰਟ ਨਗੁਏਨ ਮਿਨ ਥਾਨ ਰਾਹੀਂ ਹਾਨ ਦੇ ਮਾਮਲੇ ਵਿੱਚ ਮੰਤਰੀ ਦੇ ਦਖਲ ਲਈ ਇੱਕ ਅਰਜ਼ੀ ਦਾਇਰ ਕੀਤੀ ਸੀ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਇੱਕ ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਇਹ ਮਾਮਲਾ ਮੰਤਰਾਲਾ ਦਫ਼ਤਰ ਦੇ ਧਿਆਨ ’ਚ ਹੈ, ਹਾਲਾਂਕਿ ਉਹ ਇਸ ’ਚ ਨਿੱਜਤਾ ਕਾਰਨ ਕੋਈ ਟਿਪਣੀ ਨਹੀਂ ਕਰ ਸਕਦੇ। ਪ੍ਰਵਾਰ ਨੇ ਹਾਨ ਨੂੰ ਆਸਟ੍ਰੇਲੀਆ ’ਚ ਹੀ ਰੱਖਣ ਦੀ ਮੰਗ ਲਈ ਆਨਲਾਈਨ ਪਟੀਸ਼ਨ ਦਾਇਰ ਕੀਤੀ ਹੈ ਜਿਸ ’ਤੇ ਹੁਣ ਤਕ 10 ਹਜ਼ਾਰ ਹਸਤਾਖ਼ਰ ਹੋ ਚੁੱਕੇ ਹਨ।