ਮੈਲਬਰਨ: ਵਿੱਤੀ ਸਾਲ 2022-23 ’ਚ ਆਸਟ੍ਰੇਲੀਆ ਦੇ 251,475 ਮੁਲਾਜ਼ਮ ਅਜਿਹੇ ਰਹੇ ਜਿਨ੍ਹਾਂ ਨੂੰ ਰੁਜ਼ਗਾਰਦਾਤਾਵਾਂ ਨੇ ਉਨ੍ਹਾਂ ਦਾ ਬਣਦਾ ਮਿਹਨਤਾਨਾ ਨਹੀਂ ਦਿੱਤਾ। ਫੇਅਰ ਵਰਕ ਓਮਬਡਸਮੈਨ (ਲੋਕਪਾਲ) ਨੇ ਅਜਿਹੇ ਰੁਜ਼ਗਾਰਦਾਤਾਵਾਂ ਕੋਲੋਂ 509 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਵਸੂਲੀ ਕੀਤੀ ਹੈ ਅਤੇ ਕਾਮਿਆਂ ਨੂੰ ਅਦਾ ਕਰ ਦਿੱਤੀ ਹੈ। ਇਨ੍ਹਾਂ ਰੁਜ਼ਗਾਰਦਾਤਾਵਾਂ ’ਚ ਵੱਡੇ ਕਾਰਪੋਰੇਟ ਅਤੇ ਯੂਨੀਵਰਸਿਟੀਆਂ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਦੇ ਅੱਧੇ (317 ਮਿਲੀਅਨ ਡਾਲਰ) ਤੋਂ ਵੱਧ ਦੀ ਵਸੂਲੀ ਕੀਤੀ ਗਈ ਹੈ, ਜਿਸ ਨਾਲ 160,000 ਤੋਂ ਵੱਧ ਘੱਟ ਤਨਖਾਹ ਪਾਉਣ ਵਾਲੇ ਕਰਮਚਾਰੀਆਂ ਨੂੰ ਲਾਭ ਹੋਇਆ।
ਫੇਅਰ ਵਰਕ ਓਮਬਡਸਮੈਨ ਐਨਾ ਬੂਥ ਨੇ ਕਿਹਾ ਕਿ ਇਸ ਕਾਰਵਾਈ ਨਾਲ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਰੁਜ਼ਗਾਰਦਾਤਾਵਾਂ ਵਿੱਚ ਜਵਾਬਦੇਹੀ ਦੇ ਇੱਕ ਮਜ਼ਬੂਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ’ਚ ਮਦਦ ਮਿਲੇਗੀ। ਪਿਛਲੇ ਦੋ ਸਾਲਾਂ ਵਿੱਚ 1 ਬਿਲੀਅਨ ਡਾਲਰ ਦੀ ਵਾਪਸ ਅਦਾਇਗੀ ਨੂੰ ਇੱਕ ਮਹੱਤਵਪੂਰਨ ਪ੍ਰਾਪਤੀ ਵਜੋਂ ਦੇਖਿਆ ਜਾਂਦਾ ਹੈ ਜਿਸ ਨੇ ਕਾਮਿਆਂ ਦੇ ਜੀਵਨ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕੀਤਾ ਹੈ।
ਰੈਗੂਲੇਟਰ ਨੇ 2022-23 ਵਿੱਚ 81 ਮੁਕੱਦਮੇ ਦਰਜ ਕੀਤੇ ਅਤੇ 2424 ਪਾਲਣਾ ਨੋਟਿਸ ਜਾਰੀ ਕੀਤੇ। ਇਸ ਤੋਂ ਇਲਾਵਾ, ਰਿਕਾਰਡ ਰੱਖਣ ਜਾਂ ਪੇਅ ਸਲਿਪ ’ਚ ਕੁਤਾਹੀ ਵਰਤਣ ਦੀ ਉਲੰਘਣਾ ਲਈ 626 ਉਲੰਘਣਾ ਨੋਟਿਸ ਵੀ ਜਾਰੀ ਕੀਤੇ ਗਏ ਸਨ। ਪ੍ਰਮੁੱਖ ਮੁਕੱਦਮੇ ਯੂਨੀਵਰਸਿਟੀ ਆਫ ਮੈਲਬੌਰਨ, 85 ਡਿਗਰੀ ਕੌਫੀ, ਬੇਕਰਜ਼ ਡਿਲਾਈਟ ਹੋਲਡਿੰਗਜ਼, ਅਤੇ ਸੁਪਰ ਰਿਟੇਲ ਗਰੁੱਪ ਤੇ ਇਸ ਦੀਆਂ ਚਾਰ ਸਹਾਇਕ ਕੰਪਨੀਆਂ ਸਮੇਤ ਕਈ ਸੰਸਥਾਵਾਂ ਦੇ ਖਿਲਾਫ ਦਰਜ ਕੀਤੇ ਗਏ ਸਨ।
ਬੂਥ ਨੇ ਰੋਕਥਾਮ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਕੰਮ ਵਾਲੀ ਥਾਂ ’ਤੇ ਆਪਣੇ ਅਧਿਕਾਰਾਂ ਜਾਂ ਜ਼ਿੰਮੇਵਾਰੀਆਂ ਬਾਰੇ ਚਿੰਤਾਵਾਂ ਹੋਣ ਤਾਂ ਉਹ ਫੇਅਰ ਵਰਕ ਵੈੱਬਸਾਈਟ ਤੋਂ ਮੁਫਤ ਸਲਾਹ ਅਤੇ ਸਹਾਇਤਾ ਲੈ ਸਕਦੇ ਹਨ।