ਮੈਲਬਰਨ: ਤੇਲ ਬਾਜ਼ਾਰਾਂ ਵਿੱਚ ਅਸਥਿਰਤਾ ਅਤੇ ਕਮਜ਼ੋਰ ਹੋ ਰਹੇ ਆਸਟ੍ਰੇਲੀਅਨ ਡਾਲਰ ਕਾਰਨ ਆਸਟ੍ਰੇਲੀਆ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਤਿੰਨ ਮਹੀਨਿਆਂ ਦੌਰਾਨ 7% ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ ਅਤੇ ਇਸ ਵੇਲੇ ਲੋਕਾਂ ਨੂੰ ਪ੍ਰਤੀ ਲੀਟਰ 2 ਡਾਲਰ ਤੋਂ ਵੱਧ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਤੇਲ ਉਤਪਾਦਕ ਦੇਸ਼ਾਂ ਵੱਲੋਂ ਸਪਲਾਈ ’ਚ ਕਮੀ ਕਰਨ ਦਾ ਫੈਸਲਾ, ਯੂਕਰੇਨ ਵਿੱਚ ਜੰਗ ਅਤੇ ਕਮਜ਼ੋਰ ਆਸਟ੍ਰੇਲੀਅਨ ਡਾਲਰ ਕਾਰਨ ਪਹਿਲਾਂ ਹੀ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਟਕਰਾਅ ਕਾਰਨ ਹੋਰ ਵਾਧਾ ਹੋਣ ਦੀ ਉਮੀਦ ਹੈ। ਤਾਜ਼ਾ ਟਕਰਾਅ ਕਾਰਨ ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਦਾ ਵਧਣਾ ਵੀ ਜਾਰੀ ਹੈ।
ਫ਼ਿਊਲ ਦੀਆਂ ਵਧੀਆਂ ਕੀਮਤਾਂ ਕਾਰਨ ਸਤੰਬਰ ਨੂੰ ਖ਼ਤਮ ਹੋਈ ਤਿਮਾਹੀ ਦੌਰਾਨ ਮਹਿੰਗਾਈ ਦਰ ਦੇ ਵੀ ਇੱਕ ਚੌਥਾਈ ਪ੍ਰਤੀਸ਼ਤ ਵਧਣ ਦਾ ਖਦਸ਼ਾ ਹੈ ਅਤੇ ਇਹ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੀ ਨਵੰਬਰ ਦੀ ਵਿਆਜ ਦਰ ਮੀਟਿੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜੇਕਰ ਮਹਿੰਗਾਈ ਦਰ 2025 ਦੇ ਅੱਧ ਤੱਕ ਉਮੀਦ ਅਨੁਸਾਰ ਨਹੀਂ ਘਟਦੀ ਹੈ, ਤਾਂ RBA ਹੋਰ ਸਖ਼ਤ ਕਦਮ ਚੁੱਕਣ ’ਤੇ ਵਿਚਾਰ ਕਰ ਸਕਦਾ ਹੈ।
ਮਹਿੰਗਾਈ ਦੇ ਦਬਾਅ ਦੇ ਜਵਾਬ ’ਚ ਖਜ਼ਾਨਚੀ ਜਿਮ ਚੈਲਮਰਸ ਨੇ ਖਰਚੇ ਦੇ ਜੀਵਨ ਦਬਾਅ ਨੂੰ ਘੱਟ ਕਰਨ ਲਈ ਇੱਕ 10-ਨੁਕਾਤੀ ਯੋਜਨਾ ਹੇਠ 23 ਅਰਬ ਡਾਲਰ ਰਾਹਤ ਯੋਜਨਾ ਦਾ ਐਲਾਨ ਕੀਤਾ ਹੈ।