ਮੈਲਬਰਨ: ਜੇਕਰ ਛੇਤੀ ਵਰਕਰਾਂ ਅਤੇ ਮਿਲਕ ਪ੍ਰੋਸੈਸਰਾਂ ਵਿਚਕਾਰ ਸਮਝੌਤਾ ਨਹੀਂ ਹੋਇਆ ਤਾਂ ਵਿਕਟੋਰੀਅਨ ਲੋਕਾਂ ਨੂੰ ਆਪਣੇ ਡੇਅਰੀ ਉਤਪਾਦਾਂ ਲਈ ਵੱਧ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਹਫਤੇ ਡੇਅਰੀ ਹੜਤਾਲਾਂ ਨੇ ਉਦਯੋਗ ’ਤੇ ਬਹੁਤ ਜ਼ਿਆਦਾ ਅਸਰ ਪਾਇਆ ਹੈ ਅਤੇ ਆਸਟ੍ਰੇਲੀਅਨ ਡੇਅਰੀ ਉਤਪਾਦਕ ਫੈਡਰੇਸ਼ਨ ਦੇ ਪ੍ਰਧਾਨ, ਜੌਨ ਵਿਲੀਅਮਜ਼ ਨੇ ਮੀਡੀਆ ਨੂੰ ਕਿਹਾ ਕਿ ‘ਯੂਨੀਅਨਾਂ ਨੇ ਯਕੀਨੀ ਤੌਰ ’ਤੇ ਇਸ ਹੜਤਾਲ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਤਿਆਰ ਕੀਤਾ ਹੈ ਜਦੋਂ ਅਸੀਂ ਸੀਜ਼ਨ ਲਈ ਆਪਣੇ ਸਭ ਤੋਂ ਵੱਧ ਉਤਪਾਦਨ ਦੀ ਮਿਆਦ ਵਿੱਚ ਹੁੰਦੇ ਹਾਂ।’
ਜੌਨ ਨੇ ਕਿਹਾ ਕਿ ਡੇਅਰੀ ਉਦਯੋਗ ਫਾਰਮਾਂ ’ਤੇ ਰਿਕਾਰਡ-ਘੱਟ ਦੁੱਧ ਉਤਪਾਦਨ ਦੇ ਨਾਲ ਹੁਣ ਤੱਕ ਦੀਆਂ ਸਭ ਤੋਂ ਵੱਡੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ’ਚ ਉਨ੍ਹਾਂ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਿਆ ਹੈ।
ਜ਼ਿਕਰਯੋਗ ਹੈ ਕਿ ਵਿਕਟੋਰੀਆ ਭਰ ਵਿੱਚ 13 ਥਾਵਾਂ ’ਤੇ 1,400 ਕਾਮੇ ਕੰਮ ਛੱਡ ਕੇ ਹੜਤਾਲ ’ਚ ਸ਼ਾਮਲ ਹਨ ਅਤੇ ਉਨ੍ਹਾਂ ਨੇ ਕਿਸਾਨਾਂ ਤੋਂ ਦੁੱਧ ਚੁੱਕਣਾ ਬੰਦ ਕਰ ਦਿੱਤਾ ਹੈ। ਵਰਕਰਾਂ ਦਾ ਕਹਿਣਾ ਹੈ ਕਿ ਕਰੀਬ ਇੱਕ ਦਹਾਕੇ ਤੱਕ 1 ਡਾਲਰ ਪ੍ਰਤੀ ਲੀਟਰ ਵਿੱਚ ਵਿਕਣ ਵਾਲਾ ਦੁੱਧ ਹੁਣ 1.70 ਡਾਲਰ ਪ੍ਰਤੀ ਲੀਟਰ ਪ੍ਰਾਪਤ ਕਰ ਰਿਹਾ ਹੈ, ਅਤੇ 700 ਗ੍ਰਾਮ ਪਨੀਰ ਦੇ ਬੈਗ ਦੀ ਕੀਮਤ ਤੇਜ਼ੀ ਨਾਲ 10 ਡਾਲਰ ਪ੍ਰਤੀ ਪੈਕਟ ਹੋ ਗਈ ਹੈ। ਵਰਕਰਾਂ ਅਨੁਸਾਰ ਜਿਹੜੇ ਕਿਸਾਨ ਉਦਯੋਗ ਛੱਡਣ ਦੇ ਕੰਢੇ ’ਤੇ ਸਨ, ਹੁਣ ਉਹ ਦੁੱਧ ਦੇ ਰਿਕਾਰਡ ਭਾਅ ਪ੍ਰਾਪਤ ਕਰ ਰਹੇ ਹਨ, ਪਰ ਇਨ੍ਹਾਂ ਵਧੀਆਂ ਕੀਮਤਾਂ ਦਾ ਲਾਭ ਹੜਤਾਲ ਕਰ ਰਹੇ ਵਰਕਰਾਂ ਤਕ ਨਹੀਂ ਪੁੱਜਾ।