ਘੱਟ ਅਤੇ ਵੱਡੀ ਉਮਰ ’ਚ ਬੱਚੇ ਪੈਦਾ ਕਰਨ ਨੂੰ ਤਰਜੀਹ ਦੇ ਰਹੀਆਂ ਆਸਟ੍ਰੇਲੀਆਈ ਔਰਤਾਂ, ਜਾਣੋ ਕੀ ਕਹਿੰਦੇ ਨੇ ਨਵੇਂ ਸਰਕਾਰੀ ਅੰਕੜੇ

ਮੈਲਬਰਨ:  ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਇਸ ਹਫ਼ਤੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਆਸਟ੍ਰੇਲੀਆ ਵਿੱਚ ਔਰਤਾਂ ਘੱਟ ਬੱਚੇ ਪੈਦਾ ਕਰਨ ਅਤੇ ਵੱਡੀ ਉਮਰ ’ਚ ਬੱਚੇ ਪੈਦਾ ਕਰਨ ਨੂੰ ਤਰਜੀਹ ਦੇ ਰਹੀਆਂ ਹਨ। 1970 ਦੇ ਦਹਾਕੇ ਦੇ ਅੱਧ ਤੋਂ ਬਾਅਦ ਮਾਂ ਅਤੇ ਪਿਤਾ ਦੋਹਾਂ ਦੀ ਔਸਤ ਉਮਰ ਲਗਾਤਾਰ ਵਧ ਰਹੀ ਹੈ। 1975 ਵਿੱਚ 20 ਫੀਸਦੀ ਤੋਂ ਵੀ ਘੱਟ ਜਨਮ 30 ਤੋਂ 39 ਸਾਲ ਦੀ ਉਮਰ ਦੀਆਂ ਮਾਵਾਂ ਦੇ ਸਨ। ਪਰ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਲਗਭਗ 60 ਪ੍ਰਤੀਸ਼ਤ ਜਨਮ ਇਸ ਉਮਰ ਸਮੂਹ ਵਿੱਚ ਮਾਵਾਂ ਦੇ ਹੁੰਦੇ ਹਨ।

70 ਦੇ ਦਹਾਕੇ ਦੇ ਅੱਧ ਤੋਂ ਕੁੱਲ ਜਣਨ ਦਰ ਹੌਲੀ-ਹੌਲੀ ਘਟਣ ਦੇ ਨਾਲ, ਔਰਤਾਂ ਦੇ ਬੱਚੇ ਵੀ ਘੱਟ ਹਨ। ਪਿਛਲੇ ਸਾਲ, ਇਹ ਦਰ ਪ੍ਰਤੀ ਔਰਤ 1.63 ਜਨਮ ਸੀ – ਜੋ ਕਿ 2021 ਦੀ ਪ੍ਰਤੀ ਔਰਤ 1.70 ਜਨਮਾਂ ਦੀ ਦਰ ਨਾਲੋਂ ਘੱਟ। ਏ.ਬੀ.ਐੱਸ. ਦੀ ਵੱਸੋਂ ਬਾਰੇ ਵਿਭਾਗ ਦੀ ਮੁਖੀ ਵਾਲਟਰ ਨੇ ਕਿਹਾ, ‘‘ਹਾਲਾਂਕਿ 30 ਦੇ ਦਹਾਕੇ ਦੇ ਅਖੀਰ ਅਤੇ 40 ਦੇ ਦਹਾਕੇ ਦੇ ਸ਼ੁਰੂ ਮੁਕਾਬਲੇ ਔਰਤਾਂ ਦੀ ਜਣਨ ਦਰ ਵਿੱਚ ਕਾਫ਼ੀ ਵਾਧਾ ਹੋਇਆ ਹੈ।’’ 1991 ਤੋਂ 2022 ਦੇ ਵਿਚਕਾਰ, 35-39 ਸਾਲ ਦੀ ਉਮਰ ਦੀਆਂ ਮਾਵਾਂ ਦੀ ਜਣਨ ਦਰ 36.0 ਤੋਂ ਲਗਭਗ ਦੁੱਗਣੀ ਹੋ ਕੇ 69.3 ਪ੍ਰਤੀ 1,000 ਔਰਤਾਂ ਹੋ ਗਈ ਹੈ। 40-44 ਸਾਲ ਦੀ ਉਮਰ ਦੀਆਂ ਔਰਤਾਂ ਲਈ, ਇਹ ਦਰ 5.5 ਤੋਂ ਵਧ ਕੇ 15.8 ਪ੍ਰਤੀ 1,000 ਔਰਤਾਂ ਨਾਲ ਤੋਂ ਲਗਭਗ ਤਿੰਨ ਗੁਣਾ ਹੋ ਗਈ ਹੈ। ਹਾਲਾਂਕਿ ਨਾਬਾਲਗ ਮਾਵਾਂ ਦੀ ਜਣਨ ਦਰ 6.8 ਪ੍ਰਤੀ 1,000 ਔਰਤਾਂ ਨਾਲ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। 1991 ਵਿੱਚ, ਇਹ ਦਰ ਪ੍ਰਤੀ 1,000 ਔਰਤਾਂ ਵਿੱਚ 22.1 ਜਨਮ ਸੀ। ਪਿਛਲੇ ਸਾਲ, ਆਸਟਰੇਲੀਆ ਵਿੱਚ ਕੁੱਲ 300,684 ਜਨਮ ਦਰਜ ਕੀਤੇ ਗਏ ਸਨ – ਜੋ ਕਿ ਉਸ ਤੋਂ ਪਿਛਲੇ ਸਾਲ ਨਾਲੋਂ 9,000 ਘੱਟ ਹਨ, ਹਾਲਾਂਕਿ 2020 ਦੀ ਗਿਣਤੀ ਤੋਂ ਵੱਧ। ਸਭ ਤੋਂ ਵੱਧ ਜਣਨ ਦਰ ਸਮੂਹ ’ਚ 30-34 ਸਾਲ ਦੀਆਂ ਔਰਤਾਂ ਸਨ, ਜਦੋਂ ਕਿ 45-49 ਸਾਲ ਦੀਆਂ ਔਰਤਾਂ ਵਿੱਚ ਸਭ ਤੋਂ ਘੱਟ ਜਣਨ ਦਰ ਹੈ।

ਨਵੀਨਤਮ ਡੇਟਾ ਉਨ੍ਹਾਂ ਅਧਿਐਨਾਂ ਨਾਲ ਮੇਲ ਖਾਂਦਾ ਹੈ ਜਿਨ੍ਹਾਂ ਨੇ ਦਿਖਾਇਆ ਹੈ ਕਿ ਔਰਤਾਂ ਆਪਣੇ ਪਹਿਲੇ ਬੱਚੇ ਨੂੰ ਵੱਧ ਉਮਰ ’ਚ ਜਨਮ ਦਿੰਦੀਆਂ ਹਨ। ਇਸ ਦੇ ਕਾਰਨ ਘਰ ਛੱਡਣਾ, ਆਰਥਿਕ ਸਥਿਰਤਾ ਪ੍ਰਾਪਤ ਕਰਨਾ, ਅਤੇ ਜ਼ਿੰਦਗੀ ਦੇ ਬਾਅਦ ਦੇ ਸਾਲਾਂ ’ਚ ਵਿਆਹ ਕਰਨਾ ਜਾਂ ਲੰਬੇ ਸਮੇਂ ਦੇ ਰਿਸ਼ਤੇ ’ਚ ਰਹਿਣਾ ਸ਼ਾਮਲ ਹਨ। ਇਸੇ ਤਰ੍ਹਾਂ ਦੇ ਰੁਝਾਨ ਅਮਰੀਕਾ ’ਚ ਵੀ ਵੇਖੇ ਗਏ ਹਨ, ਜਿੱਥੇ 40 ਤੋਂ 44 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਨਮ ਦੇਣ ਵਾਲੀਆਂ ਔਰਤਾਂ ਦਾ ਅਨੁਪਾਤ ਲਗਾਤਾਰ ਵਧ ਰਿਹਾ ਹੈ।

Leave a Comment