ਮੈਲਬਰਨ: ਭਾਰਤ ’ਚ ਹੋ ਰਹੇ ਕ੍ਰਿਕੇਟ ਵਿਸ਼ਵ ਕੱਪ ’ਚ ਆਸਟ੍ਰੇਲੀਆ ਨੂੰ ਆਪਣੇ ਲਗਾਤਾਰ ਦੂਜੇ ਮੈਚ ’ਚ ਦਖਣੀ ਅਫ਼ਰੀਕਾ ਹੱਥੋਂ 134 ਦੌੜਾਂ ਨਾਲ ਹਾਰ ਮਿਲੀ ਹੈ। ਇਹ ਵਿਸ਼ਵ ਕੱਪ ’ਚ ਹੁਣ ਤਕ ਦੀ ਆਸਟ੍ਰੇਲੀਆ ਦੀ ਸਭ ਤੋਂ ਵੰਡੀ ਹਾਰ ਹੈ।
9 ਮੈਚਾਂ ਦੀ ਲੜੀ ’ਚ ਭਾਵੇਂ ਕਪਤਾਨ ਪੈਟ ਕਮਿੰਸ ਦੀ ਅਗਵਾਈ ਵਾਲੀ ਆਸਟ੍ਰੇਲੀਆ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਤਾਂ ਨਹੀਂ ਹਈ ਹੈ ਪਰ ਉਸ ਦੀ ਰਾਹ ਬਹੁਤ ਔਖੀ ਹੋ ਗਈ ਹੇ। ਅੰਕ ਤਾਲਿਕਾ ’ਚ ਉਹ ਹੁਣ ਦਸ ਟੀਮਾ ’ਚੋਂ 9ਵੇਂ ਨੰਬਰ ’ਤੇ ਆ ਗਈ ਹੈ ਅਤੇ ਸਿਰਫ਼ ਅਫ਼ਗਾਨਿਸਤਾਨ ਤੋਂ ਉੱਪਰ ਹੈ। ਜੇਕਰ ਉਹ ਆਪਣੇ ਅਗਲੇ ਮੈਚ ਕਮਜ਼ੋਰ ਸਮਝੀਆਂ ਜਾਣ ਵਾਲੀਆਂ ਟੀਮਾਂ ਨੀਦਰਲੈਂਡ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਜਿੱਤ ਵੀ ਲੈਂਦੀ ਹੈ ਤਾਂ ਵੀ ਉਸ ਨੂੰ ਵਿਸ਼ਵ ਕੱਪ ’ਚ ਅੱਗੇ ਵਧਣ ਲਈ ਬਾਕੀ ਚਾਰ ਟੀਮਾਂ-ਸ੍ਰੀਲੰਕਾ, ਪਾਕਿਸਤਾਨ, ਇੰਗਲੈਂਡ ਅਤੇ ਨਿਊਜ਼ੀਲੈਂਡ ’ਚੋਂ ਤਿੰਨ ਨੂੰ ਲਾਜ਼ਮੀ ਤੌਰ ’ਤੇ ਹਰਾਉਣਾ ਹੋਵੇਗਾ। ਟੂਰਨਾਮੈਂਟ ਲੰਮਾ ਹੋਣ ਕਾਰਨ ਟੀਮਾਂ ਨੂੰ ਗ਼ਲਤੀਆਂ ਸੁਧਾਰਨ ਦਾ ਮੌਕਾ ਵੀ ਮਿਲਦਾ ਹੈ। 2019 ’ਚ ਵਿਸ਼ਵ ਜੇਤੂ ਰਹੀ ਇੰਗਲੈਂਡ ਦੀ ਟੀਮ ਵੀ ਪੂਲ ਮੈਚਾਂ ਦੀ ਸਟੇਜ ’ਤੇ 6 ਮੈਚ ਜਿੱਤ ਕੇ ਫ਼ਾਈਨਲ ’ਚ ਪੁੱਜੀ ਸੀ। ਜਦਕਿ ਉਸ ਦਾ ਫ਼ਾਈਨਲ ’ਚ ਮੁਕਾਬਲਾ ਕਰਨ ਵਾਲੀ ਨਿਊਜ਼ੀਲੈਂਡ ਦੀ ਟੀਮ 5 ਮੈਚ ਜਿੱਤ ਕੇ ਫ਼ਾਈਨਲ ’ਚ ਪੁੱਜੀ ਸੀ।
ਹਾਲਾਂਕਿ ਦਖਣੀ ਅਫ਼ਰੀਕਾ ਹੱਥੋਂ ਮਿਲੀ ਵੱਡੀ ਹਾਰ ਨੂੰ ਵੇਖਦਿਆਂ ਲਗਦਾ ਹੈ ਕਿ ਪੰਜ ਵਾਰੀ ਦੀ ਵਿਸ਼ਵ ਕੱਪ ਜੇਤੂ ਟੀਮ ’ਚ ਪਹਿਲਾਂ ਵਾਲੀ ਤਾਕਤ ਨਹੀਂ ਰਹੀ। ਦਖਣੀ ਅਫ਼ਰੀਕਾ ਦੀ ਟੀਮ ਦੇ ਸੂਤਰਧਾਰ ਕੁਇੰਟਨ ਡੀ ਕੋਕ ਰਹੇ ਜਿਸ ਨੇ ਆਸਟ੍ਰੇਲੀਆ ਵਿਰੁਧ ਆਪਣਾ ਲਗਾਤਾਰ ਦੂਜਾ ਸੈਂਕੜਾ ਜੜਿਆ ਅਤੇ ਅੱਠ ਚੌਕੇ ਤੇ ਪੰਜ ਛਿੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾਈਆਂ। ਜਦਕਿ ਮਾਰਕਹਾਮ ਨੇ 56 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ 311 ਦੌੜਾਂ ਦੇ ਸਕੋਰ ਤਕ ਲੈ ਗਏ। ਆਸਟ੍ਰੇਲੀਆ ਨੇ ਦਖਣੀ ਅਫ਼ਰੀਕਾ ਦੀਆਂ ਛੇ ਕੈਚਾਂ ਛੱਡ ਦਿਤੀਆਂ ਜੋ ਟੀਮ ਦੀ ਹਾਰ ਦਾ ਵੱਡਾ ਕਾਰਨ ਬਣੀਆਂ।
312 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਜਿਸ ਦੀ ਅੱਧੀ ਟੀਮ 65 ਦੌੜਾਂ ’ਤੇ ਹੀ ਆਊਟ ਹੋ ਗਈ। ਦਖਣੀ ਅਫ਼ਰੀਕਾ ਦੇ ਕਾਗਿਸੋ ਰਬਾਡਾ ਨੇ 33 ਦੌੜਾਂ ਦੇ ਕੇ ਤਿੰਨ ਮਹੱਤਵਪੂਰਨ ਵਿਕੇਟਾਂ ਲਈਆਂ। ਮਾਰਕੋ ਜੇਨਸੇਨ ਅਤੇ ਕੇਸ਼ਵ ਮਹਾਰਾਜਾ ਨੇ ਦੋ-ਦੋ ਵਿਕੇਟਾਂ ਲਈਆਂ। ਆਸਟ੍ਰੇਲੀਆ ਦੀ ਪੂਰੀ ਟੀਮ 40.5 ਓਵਰਾਂ ’ਚ 177 ਦੌੜਾਂ ’ਤੇ ਆਊਅ ਹੋ ਗਈ। ਸਿਰਫ਼ ਮਾਰਨਸ ਲਾਬੁਸ਼ੇਨ 46 ਦੌੜਾਂ ਬਣਾ ਕੇ ਦਖਣੀ ਅਫ਼ਰੀਕੀ ਗੇਂਦਬਾਜ਼ੀ ਸਾਹਮਣੇ ਥੋੜ੍ਹਾ ਟਿਕ ਸਕੇ।
ਮੈਚ ਤੋਂ ਬਾਅਦ ਪੈਟ ਕਮਿੰਸ ਨੇ ਮੰਨਿਆ ਕਿ ਦਖਣੀ ਅਫ਼ਰੀਕਾ ਦੇ ਗੇਂਦਬਾਜ਼ਾਂ ਨੇ ਅਸਲ ਵਿੱਚ ਚੰਗੀ ਗੇਂਦਬਾਜ਼ੀ ਕੀਤੀ, ਅਤੇ ਰਾਤ ਸਮੇਂ ਰੌਸ਼ਨੀ ਥੋੜ੍ਹੀ ਘੱਟ ਹੋਣ ਕਾਰਨ ਉਨ੍ਹਾਂ ਨੂੰ ਮਦਦ ਮਿਲੀ। ਉਨ੍ਹਾਂ ਕਿਹਾ, ‘‘ਜੇਕਰ ਅਸੀਂ ਇਸ ਟੂਰਨਾਮੈਂਟ ਵਿੱਚ ਚੁਣੌਤੀਪੂਰਨ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਜਾਂ ਦੂਜੇ ਬੱਲੇਬਾਜ਼ੀ ਦੀ ਪਰਵਾਹ ਕੀਤੇ ਬਿਨਾਂ ਪ੍ਰਦਰਸ਼ਨ ਕਰਨ ਦੇ ਤਰੀਕੇ ਲੱਭਣ ਦੀ ਲੋੜ ਹੈ।’’