ਕੋਵਿਡ-19 ਦੌਰਾਨ ਹੋਟਲਾਂ ਅੰਦਰ ਮੁਫ਼ਤ ਏਕਾਂਤਵਾਸ (Quarantine) ਕੱਟਣ ਵਾਲਿਆਂ ਦੇ ਖਾਤੇ ਹੋਣਗੇ ਖ਼ਾਲੀ, ਅਦਾਲਤੀ ਹੁਕਮ ਹੋਏ ਜਾਰੀ

ਮੈਲਬਰਨ: ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਹਜ਼ਾਰਾਂ ਅਜਿਹੇ ਲੋਕਾਂ ਦੇ ਬੈਂਕ ਖਾਤਿਆਂ ’ਚੋਂ ਪੈਸੇ ਕੱਟਣ ਦਾ ਸਖ਼ਤ ਫੈਸਲਾ ਲਿਆ ਹੈ ਜਿਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਹੋਟਲਾਂ ’ਚ ਏਕਾਂਤਵਾਸ (Quarantine) ’ਚ ਕੱਟਿਆ ਸੀ ਪਰ ਬਿੱਲ ਅਦਾ ਨਹੀਂ ਕੀਤੇ ਸਨ। ਇਹ ਬਿੱਲ ਲਗਭਗ 40 ਮਿਲੀਅਨ ਡਾਲਰ ਦੇ ਹਨ।

ਕੋਵਿਡ-19 ਮਹਾਂਮਾਰੀ ਦੌਰਾਨ ਨਿਊ ਸਾਊਥ ਵੇਲਜ਼ ’ਚ ਏਕਾਂਤਵਾਸ ਕੱਟਣ ਵਾਲੇ ਹਰ 15 ’ਚੋਂ ਇੱਕ ਨੇ ਅਜੇ ਤਕ ਭੁਗਤਾਨ ਨਹੀਂ ਕੀਤਾ ਹੈ, ਜਿਸ ਕਾਰਨ ਸਟੇਟ ਨੇ ਫੰਡਾਂ ਦੀ ਮੁੜ ਪ੍ਰਾਪਤ ਕਰਨ ਦੇ ਗਾਰਨਿਸ਼ੀ ਆਰਡਰ ਦਾ ਸਹਾਰਾ ਲਿਆ। ਗਾਰਨਿਸ਼ੀ ਦਾ ਆਰਡਰ ਇੱਕ ਅਦਾਲਤੀ ਫ਼ੁਰਮਾਨ ਹੁੰਦਾ ਹੈ ਜੋ ਇਕ ਧਿਰ ਨੂੰ ਕਿਸੇ ਹੋਰ ਪਾਰਟੀ ਦੇ ਬੈਂਕ ਖਾਤੇ ਤੋਂ ਕਰਜ਼ਾ ਵਸੂਲਣ ਦੀ ਇਜਾਜ਼ਤ ਦਿੰਦਾ ਹੈ।ਇਕੱਲੇ ਯਾਤਰੀਆਂ ਕੋਲੋਂ ਪ੍ਰਤੀ ਹਫ਼ਤੇ 1,500 ਡਾਲਰ ਦੀ ਫੀਸ ਵਸੂਲੀ ਗਈ ਸੀ। ਹਰ ਵਾਧੂ ਬਾਲਗ ਲਈ ਪ੍ਰਤੀ ਹਫ਼ਤੇ 500 ਡਾਲਰ ਅਤੇ ਤਿੰਨ ਸਾਲ ਤੋਂ ਵੰਧ ਉਮਰ ਦੇ ਹਰ ਬੱਚੇ ਲਈ 250 ਡਾਲਰ ਦੀ ਫ਼ੀਸ ਸੀ।

ਇਹ ਰਕਮ ਹੁਣ 17,750 ਲੋਕ ਤੋਂ ਵਸੂਲੀ ਜਾਵੇਗੀ ਜੋ ਕਿ 39 ਮਿਲੀਅਨ ਡਾਲਰ ਤੋਂ ਵੱਧ ਹੈ। ਜੁਲਾਈ ਤੋਂ ਲੈ ਕੇ ਹੁਣ ਤਕ 5190 ਬੈਂਕ ਖਾਤਿਆਂ ’ਚੋਂ ਗਾਰਨਿਸ਼ੀ ਆਰਡਰ ਰਾਹੀਂ ਰਕਮ ਵਸੂਲ ਲਈ ਗਈ ਹੈ। ਅਜਿਹੀਆਂ ਵੀ ਖ਼ਬਰਾਂ ਹਨ ਕਿ ਕਈ ਲੋਕਾਂ ਦੇ ਖਾਤਿਆਂ ’ਚੋਂ ਰਕਮ ਬਗ਼ੈਰ ਉਨ੍ਹਾਂ ਨੂੰ ਸੂਚਿਤ ਕੀਤਿਆਂ ਕੱਢ ਲਈ ਗਈ, ਜਿਨ੍ਹਾਂ ਨੂੰ ਪ੍ਰੀਮੀਅਰ ਮਿੰਸ ਨੇ ਖ਼ਾਰਜ ਕੀਤਾ ਹੈ। ਉਨ੍ਹਾਂ ਕਿਹਾ, ‘‘ਸਰਕਾਰ ਨੂੰ ਜ਼ਰੂਰੀ ਸੇਵਾਵਾਂ ਚਾਲੂ ਰੱਖਣ ਲਈ ਇਸ ਰਕਮ ਦੀ ਲੋੜ ਹੈ।’’

Leave a Comment