ਮੈਲਬਰਨ : ਅਮਰੀਕੀ ਧੱਨਾਢ Jeffrey Epstein ਅਤੇ King Charles ਦੇ ਛੋਟੇ ਭਰਾ Prince Andrew ਵਿਰੁਧ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ Virginia Giuffre ਦੀ ਮੌਤ ਹੋ ਗਈ ਹੈ। ਉਸ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ Giuffre ਨੇ ਵੈਸਟਰਨ ਆਸਟ੍ਰੇਲੀਆ ਸਥਿਤ ਆਪਣੇ ਫ਼ਾਰਮ ’ਤੇ ਖ਼ੁਦਕੁਸ਼ੀ ਕਰ ਲਈ।
ਤਿੰਨ ਬੱਚਿਆਂ ਦੀ ਮਾਂ Giuffre 41 ਸਾਲਾਂ ਦੀ ਸੀ ਅਤੇ ਇੱਕ ਅਮਰੀਕੀ ਨਾਗਰਿਕ ਸੀ। ਕਈ ਸਾਲਾਂ ਤੋਂ ਉਹ ਆਸਟ੍ਰੇਲੀਆ ’ਚ ਰਹਿ ਰਹੀ ਸੀ ਅਤੇ ਜਿਨਸੀ ਸੋਸ਼ਣ ਤੇ ਮਨੁੱਖੀ ਤਸਕਰੀ ਵਿਰੁਧ ਜਾਗਰੂਕਤਾ ਫੈਲਾ ਰਹੀ ਸੀ। 2009 ’ਚ Giuffre ਨੇ Jeffrey Epstein ਸਮੇਤ ਕਈ ਅਮਰੀਕੀ ਧੱਨਾਢਾਂ ’ਤੇ ਮਨੁੱਖੀ ਤਸਕਰੀ ਅਤੇ ਜਿਨਸੀ ਸੋਸ਼ਣ ਦਾ ਕੇਸ ਕੀਤਾ ਸੀ। ਆਪਣੇ ਦੋਸ਼ਾਂ ’ਚ ਉਸ ਨੇ ਕਿਹਾ ਸੀ ਕਿ Jeffrey Epstein ਨੇ ਹੀ ਉਸ ਨੂੰ ਬਹਿਲਾ-ਫੁਸਲਾ ਕੇ ਕਈ ਅਸਰ-ਰਸੂਖ ਰੱਖਣ ਵਾਲੇ ਲੋਕਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਸੀ। Jeffrey Epstein ਨੇ 2019 ’ਚ ਖ਼ੁਦਕੁਸ਼ੀ ਕਰ ਲਈ ਸੀ।
Giuffre ਨੇ 2021 ’ਚ Prince Andrew ’ਤੇ ਵੀ ਬਲਾਤਕਾਰ ਦੇ ਦੋਸ਼ ਲਗਾਏ ਸਨ, ਜਿਸ ਤੋਂ Prince Andrew ਇਨਕਾਰ ਕੀਤਾ ਸੀ। Prince Andrew ਨੇ ਕਥਿਤ ਤੌਰ ’ਤੇ 2022 ’ਚ ਅਦਾਲਤ ਤੋਂ ਬਾਹਰ ਮੋਟੀ ਰਕਮ ਦੇ ਕੇ Giuffre ਨਾਲ ਸਮਝੌਤਾ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ Giuffre ਦੀ ਕਾਰ ਦੀ ਇੱਕ ਸਕੂਲ ਬੱਸ ਨਾਲ ਟੱਕਰ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਸੀ ਕਿ ਉਸ ਦੀ ਜ਼ਿੰਦਗੀ ਦੇ ਥੋੜ੍ਹੇ ਦਿਨ ਹੀ ਬਾਕੀ ਰਹਿ ਗਏ ਹਨ। ਪਰਿਵਾਰ ਨੇ ਅੱਜ Giuffre ਦੀ ਮੌਤ ਬਾਰੇ ਬਿਆਨ ਜਾਰੀ ਕਰ ਕੇ ਕਿਹਾ, ‘‘ਅਖ਼ੀਰ ’ਚ ਜਿਨਸੀ ਸੋਸ਼ਣ ਦਾ ਭਾਰ ਏਨਾ ਜ਼ਿਆਦਾ ਵੱਧ ਗਿਆ ਕਿ Virginia ਲਈ ਇਹ ਅਸਹਿਣਯੋਗ ਹੋ ਗਿਆ।’’ ਪਰਿਵਾਰ ਨੇ ਕਿਹਾ ਕਿ ਜਦੋਂ Giuffre ਨੇ ਆਪਣੀ ਬੇਟੀ ਨੂੰ ਜਨਮ ਦਿੱਤਾ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਆਪਣਾ ਸੋਸ਼ਣ ਕਰਨ ਵਾਲਿਆਂ ਵਿਰੁਧ ਲੜਨਾ ਚਾਹੀਦਾ ਹੈ।