ਮੈਲਬਰਨ : ਆਸਟ੍ਰੇਲੀਆ ਦੇ ਉੱਚ ਪੱਧਰੀ 14 ਮੈਂਬਰੀ ਵਫ਼ਦ ਨੇ ਸ਼ੁਕਰਵਾਰ ਨੂੰ ਪੰਜਾਬ ਦੇ ਇਕ ਆਮ ਆਦਮੀ ਕਲੀਨਿਕ (AAC) ਦਾ ਦੌਰਾ ਕੀਤਾ। ਵਿਕਟੋਰੀਆ ਦੇ MP Dylon Wight (ਵਫਦ ਦੇ ਆਗੂ) ਅਤੇ MP Mathew Hilakari ਦੀ ਅਗਵਾਈ ਵਿੱਚ ਵਫ਼ਦ ਨੇ ਮੋਹਾਲੀ ਵਿਖੇ ਮੁੱਢਲੀ ਸਿਹਤ ਸੰਭਾਲ ਸਹੂਲਤ-ਆਮ ਆਦਮੀ ਕਲੀਨਿਕ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ ਸਹੂਲਤ – ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (PILBS) ਦਾ ਦੌਰਾ ਕੀਤਾ।
ਇਸ ਉਪਰੰਤ ਵਫ਼ਦ ਨੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਮੀਟਿੰਗ ਕੀਤੀ ਜਿੱਥੇ ਉਨ੍ਹਾਂ ਨੇ ਸਿਹਤ ਸੰਭਾਲ ਅਤੇ ਖੇਤੀਬਾੜੀ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਪੰਜਾਬ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਆਸਟ੍ਰੇਲੀਆਈ ਨੁਮਾਇੰਦੇ ਆਮ ਆਦਮੀ ਕਲੀਨਿਕ, ਜੋ ਲੋਕਾਂ ਦੇ ਉਨ੍ਹਾਂ ਦੇ ਘਰਾਂ ਦੇ ਨੇੜੇ 80 ਜ਼ਰੂਰੀ ਦਵਾਈਆਂ ਅਤੇ 38 ਡਾਇਗਨੌਸਟਿਕਸ ਸਮੇਤ ਮੁਫਤ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ ਦੀ ਪੇਸ਼ਕਸ਼ ਕਰ ਰਹੇ ਹਨ, ਦੇ ਮਾਡਲ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਸੂਬੇ ਦੇ ਮਾਡਲ ਨੂੰ ਅਪਣਾਉਣ ਵਿੱਚ ਡੂੰਘੀ ਦਿਲਚਸਪੀ ਪ੍ਰਗਟਾਈ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ, “ਵਫ਼ਦ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਸਵੇਰੇ 11 ਵਜੇ ਤੱਕ, 60 ਤੋਂ ਵੱਧ ਮਰੀਜ਼ ਪਹਿਲਾਂ ਹੀ ਆਮ ਆਦਮੀ ਕਲੀਨਿਕ ਵਿੱਚ ਸੇਵਾਵਾਂ ਪ੍ਰਾਪਤ ਕਰ ਚੁੱਕੇ ਸਨ। ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਇਸ ਮਾਡਲ ਨੂੰ ਆਸਟ੍ਰੇਲੀਆ ਵਿੱਚ ਅਪਣਾਉਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਮਾਡਲ ਉਨ੍ਹਾਂ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਬਹੁਤ ਲਾਭ ਪਹੁੰਚਾ ਸਕਦਾ ਹੈ।”
ਵਫਦ ਦੇ ਹੋਰ ਮੈਂਬਰਾਂ ਵਿੱਚ ਪ੍ਰੋਫੈਸਰ ਹਰਪਿੰਦਰ ਸੰਧੂ (ਫੈਡਰੇਸ਼ਨ ਯੂਨੀਵਰਸਿਟੀ ਆਸਟ੍ਰੇਲੀਆ); ਡਾ. ਜਸਵਿੰਦਰ ਸਿੱਧੂ (ਫ਼ੈਡਰੇਸ਼ਨ ਯੂਨੀਵਰਸਿਟੀ ਆਸਟ੍ਰੇਲੀਆ); ਏ/ਪ੍ਰੋਫੈਸਰ ਪੌਲ ਪੈਂਗ (ਫ਼ੈਡਰੇਸ਼ਨ ਯੂਨੀਵਰਸਿਟੀ ਆਸਟ੍ਰੇਲੀਆ); ਡਾ. ਸਚਿਨ ਦਹੀਆ (ਬਿਜ਼ਨਸ ਲੀਡਰ, ਬੱਲਾਰਟ); ਪਰਵਿੰਦਰ ਸਰਵਰਾ (ਬਿਜ਼ਨਸਮੈਨ ਅਤੇ ਸੀਈਓ, ਸਿੰਘ ਹੋਮਜ਼); ਦਵਿੰਦਰ ਸਿੰਘ (ਬਿਜ਼ਨਸਮੈਨ ਅਤੇ ਇੰਪੋਰਟਰ); ਸੁਖਮੀਤ ਆਹੂਜਾ (ਵਿਜ਼ਨਸਮੈਨ ਅਤੇ ਐਜੂਕੇਟਰ), ਜਸਵਿੰਦਰ ਸਿੰਘ (ਸੀਈਓ, ਸਿੱਖ ਵਲੰਟੀਅਰਜ਼ ਆਸਟ੍ਰੇਲੀਆ); ਅਭਿਮਨਿਊ ਕੁਮਾਰ (ਬਿਜ਼ਨਸਮੈਨ); ਨਵਦੀਪ ਸਿੰਘ ਹਾਂਡਾ (ਬਿਜ਼ਨਸਮੈਨ, ਸੀਈਓ ਆਮੀਕੋ ਹੋਮਸ); ਕਾਰਤੀਕ ਮੁਨੀਗੋਤੀ (ਸੀਈਓ, ਕਾਂਸਟੈਲੇਸ਼ਨ ਟੈਕਨੋਲੋਜੀਜ਼ ਲਿਮਟਿਡ); ਅਤੇ ਲਵ ਖੱਖ (ਬਿਜ਼ਨਸਮੈਨ ਅਤੇ ਸਪੋਰਟਸ ਇਵੈਂਟਸ ਆਰਗੇਨਾਈਜ਼ਰ) ਸ਼ਾਮਲ ਸਨ।