ਟੈਰਿਫ਼ ਜੰਗ : ਆਸਟ੍ਰੇਲੀਆ ਨੇ ਅਮਰੀਕਾ ਵਿਰੁਧ ਚੀਨ ਨਾਲ ਹੱਥ ਮਿਲਾਉਣ ਤੋਂ ਇਨਕਾਰ ਕੀਤਾ

ਮੈਲਬਰਨ : ਆਸਟ੍ਰੇਲੀਆ ਨੇ ਵੀਰਵਾਰ ਨੂੰ ਅਮਰੀਕੀ ਟੈਰਿਫ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨ ਦੇ ਚੀਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਆਸਟ੍ਰੇਲੀਆ ਦਾ ਕਹਿਣਾ ਹੈ ਇਸ ਦੀ ਬਜਾਏ ਉਹ ਆਪਣੇ ਵਪਾਰ ਵਿਚ ਵੰਨ-ਸੁਵੰਨਤਾ ਲਿਆਉਣਾ ਜਾਰੀ ਰੱਖੇਗਾ ਅਤੇ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਚੀਨ ’ਤੇ ਆਪਣੀ ਨਿਰਭਰਤਾ ਘਟਾਏਗਾ।

ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨੇ ਚੀਨੀ ਰਾਜਦੂਤ ਦੇ ਵਪਾਰ ’ਤੇ ਹੱਥ ਮਿਲਾਉਣ ਦੇ ਪ੍ਰਸਤਾਵ ਦਾ ਹਵਾਲਾ ਦਿੰਦੇ ਹੋਏ ਸਕਾਈ ਨਿਊਜ਼ ਨੂੰ ਕਿਹਾ, ‘‘ਅਸੀਂ ਦੁਨੀਆ ’ਚ ਚੱਲ ਰਹੇ ਕਿਸੇ ਵੀ ਮੁਕਾਬਲੇ ਦੇ ਸਬੰਧ ’ਚ ਚੀਨ ਨਾਲ ਹੱਥ ਨਹੀਂ ਮਿਲਾਉਣ ਜਾ ਰਹੇ ਹਾਂ। ਅਸੀਂ ਆਸਟ੍ਰੇਲੀਆ ਦੇ ਰਾਸ਼ਟਰੀ ਹਿੱਤਾਂ ਦੀ ਪੈਰਵੀ ਕਰਾਂਗੇ ਅਤੇ ਦੁਨੀਆ ਭਰ ਵਿਚ ਆਪਣੇ ਵਪਾਰ ਵਿਚ ਵੰਨ-ਸੁਵੰਨਤਾ ਲਿਆ ਰਹੇ ਹਾਂ।’’

ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਯੂਰਪੀਅਨ ਯੂਨੀਅਨ, ਇੰਡੋਨੇਸ਼ੀਆ, ਭਾਰਤ, ਬ੍ਰਿਟੇਨ ਅਤੇ ਮਿਡਲ ਈਸਟ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਕੇ ਆਪਣੀ ਆਰਥਿਕ ਮਜ਼ਬੂਤੀ ਦਾ ਨਿਰਮਾਣ ਕਰੇਗਾ।