ਮੈਲਬਰਨ : ਨਿਊ ਸਾਊਥ ਵੇਲਜ਼ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ Kristian White ਨੂੰ 2023 ਵਿੱਚ ਡਿਮੇਨਸ਼ੀਆ ਦੀ ਇੱਕ 95 ਸਾਲ ਦੀ ਮਰੀਜ਼ Clare Nowland ਦੀ ਸਟਨ ਗੰਨ ਨਾਲ ਹੱਤਿਆ ਕਰਨ ਦੇ ਮਾਮਲੇ ਵਿੱਚ 450 ਘੰਟਿਆਂ ਦੀ ਕਮਿਊਨਿਟੀ ਸੇਵਾ ਅਤੇ ਦੋ ਸਾਲ ਦੀ ਨਿਗਰਾਨੀ ਦੀ ਸਜ਼ਾ ਸੁਣਾਈ ਗਈ ਹੈ।
ਵਕੀਲਾਂ ਨੇ ਜੇਲ੍ਹ ਦੀ ਸਜ਼ਾ ਦੀ ਮੰਗ ਕੀਤੀ, ਪਰ ਜਸਟਿਸ Ian Harrison ਨੇ ਇਸ ਨੂੰ ਗੈਰ-ਅਨੁਕੂਲ ਮੰਨਿਆ ਅਤੇ ਅਪਰਾਧ ਨੂੰ ਘੱਟ ਗੰਭੀਰ ਕਰਾਰ ਦਿੱਤਾ। White ਨੇ ਆਪਣੀਆਂ ਹਰਕਤਾਂ ਲਈ ਅਦਾਲਤ ਵਿਚ ਮੁਆਫੀ ਮੰਗੀ, ਜਿਸ ਕਾਰਨ Nowland ਦੇ ਦਿਮਾਗ ਨੂੰ ਘਾਤਕ ਸੱਟ ਲੱਗੀ ਸੀ। ਪਰਿਵਾਰ ਨੇ ਅਦਾਲਤ ਵੱਲੋਂ White ਪ੍ਰਤੀ ਵਿਖਾਈ ਗਈ ਇਸ ਨਰਮੀ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਨੂੰ ਸਵੀਕਾਰ ਕਰਨਾ ਮੁਸ਼ਕਲ ਹੈ।
Cooma ਸਥਿਤ ਇੱਕ ਨਰਸਿੰਗ ਹੋਮ ਦੇ ਸਟਾਫ਼ ਨੇ 17 ਮਈ, 2023 ਨੂੰ ਪੁਲਿਸ ਨੂੰ ਸੱਦਿਆ ਸੀ ਜਦੋਂ Nowland ਰਸੋਈ ਦਾ ਚਾਕੂ ਲੈ ਕੇ ਇੱਕ ਵਾਕਰ ਦੀ ਮਦਦ ਨਾਲ ਬਿਲਡਿੰਗ ’ਚ ਘੁੰਮ ਰਹੀ ਸੀ। White ਨੇ ਉਸ ਨੂੰ ਕਾਬੂ ਕਰਨ ਲਈ ਸਟਨ ਗੰਨ ਮਾਰੀ ਸੀ, ਜਿਸ ਕਾਰਨ Nowland ਹੇਠਾਂ ਡਿੱਗ ਗਈ ਅਤੇ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਹਫ਼ਤੇ ਬਾਅਦ ਉਸ ਦੀ ਦਿਮਾਗ ’ਚ ਖ਼ੂਨ ਵਗਣਾ ਨਾ ਰੁਕਣ ਕਾਰਨ ਮੌਤ ਹੋ ਗਈ ਸੀ। White ਨੂੰ ਪਿਛਲੇ ਸਾਲ ਦਸੰਬਰ ’ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪੁਲਿਸ ਫੋਰਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।