ਮੈਲਬਰਨ : ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ’ਤੇ ਰਹਿ ਰਹੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਆਸਟ੍ਰੇਲੀਆ ਦੇ ਅਧਿਕਾਰੀ ਵਿਦਿਆਰਥੀਆਂ ’ਤੇ ਨਜ਼ਰ ਰੱਖ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਹੁਤ ਸਾਰੇ ਵਿਦਿਆਰਥੀ ਵੀਜ਼ਾ ਦੀ ਉਲੰਘਣਾ ਕਰ ਕੇ ਨਿਰਧਾਰਤ ਸਮੇਂ ਤੋਂ ਬਾਅਦ ਵੀ ਪਾਰਟ ਟਾਈਮ ਨੌਕਰੀ ਕਰ ਰਹੇ ਹਨ। ਸਥਾਨਕ ਵਿਦਿਆਰਥੀ ਐਸੋਸੀਏਸ਼ਨ ਦੇ ਅਨੁਸਾਰ, 15 ਦਿਨਾਂ ਵਿੱਚ 48 ਘੰਟੇ ਤੋਂ ਵੱਧ ਕੰਮ ਕਰਨ ਵਾਲੇ ਵਿਦਿਆਰਥੀ ਅਧਿਕਾਰੀਆਂ ਦੇ ਰਡਾਰ ’ਤੇ ਹਨ। ਕੁਝ ਮਾਮਲਿਆਂ ਵਿੱਚ ਵਿਦਿਆਰਥੀਆਂ ਦੇ ਸਟੂਡੈਂਟ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਹਨ।
ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ ਮੈਲਬਰਨ ਅਤੇ ਆਸ ਪਾਸ ਦੇ ਇਲਾਕਿਆਂ ’ਚ ਲਗਭਗ 40 ਵਪਾਰਕ ਅਦਾਰਿਆਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿੱਚ ਰੈਸਟੋਰੈਂਟ, ਕੌਫੀ ਦੀਆਂ ਦੁਕਾਨਾਂ ਆਦਿ ਸ਼ਾਮਲ ਹਨ, ਜੋ ਵਿਦਿਆਰਥੀਆਂ ਨੂੰ ਪਾਰਟ-ਟਾਈਮ ਨੌਕਰੀਆਂ ਦਿੰਦੀਆਂ ਹਨ। ਸ਼ੁੱਕਰਵਾਰ ਨੂੰ ਇੱਕ ਵਿਦਿਆਰਥੀ ਦਾ ਵੀਜ਼ਾ ਰੱਦ ਕਰਨ ਵਾਲਾ ਇੱਕ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਇਹ ਚਿੱਠੀ ਕਈ ਵਟਸਐਪ ਅਤੇ ਫੇਸਬੁੱਕ ਗਰੁੱਪਾਂ ’ਤੇ ਫੈਲੀ ਹੋਈ ਹੈ।
ਇੰਡੀਅਨ ਕਲਚਰਲ ਐਸੋਸੀਏਸ਼ਨ ਆਫ ਵਿਕਟੋਰੀਆ ਦੇ ਜਨਰਲ ਸਕੱਤਰ ਰਾਜਕੁਮਾਰ ਵਡਲਾਕੋਂਡਾ ਨੇ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਡਿਪੋਰਟ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ, ‘‘ਇਸ ਮਾਮਲੇ ਵਿੱਚ, ਵਿਦਿਆਰਥੀ ਨੂੰ ਉਸ ਦੇ ਮੋਬਾਈਲ ਫੋਨ ਦੀ ਚੈੱਕਿਗ ਨਾਲ ਫੜਿਆ ਗਿਆ ਸੀ।’’ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਚਿੱਠੀ ’ਚ ਕਿਹਾ ਗਿਆ ਹੈ ਕਿ ਉਹ ਹਫਤੇ ’ਚ 50 ਤੋਂ 60 ਘੰਟੇ ਕੰਮ ਕਰ ਰਿਹਾ ਹੈ। ਉਹ ਦਸੰਬਰ 2024 ਤੋਂ ਗ੍ਰੈਜੂਏਟ ਡਿਪਲੋਮਾ ਆਫ ਮੈਨੇਜਮੈਂਟ (ਲਰਨਿੰਗ) ਪ੍ਰੋਗਰਾਮ ਵਿੱਚ ਦਾਖਲ ਸੀ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ’ਚ ਵਿਦੇਸ਼ੀ ਵਿਦਿਆਰਥੀਆਂ ਨੂੰ ਇਕ ਪੰਦਰਵਾੜੇ ’ਚ ਸਿਰਫ 40 ਘੰਟੇ ਯਾਨੀ 15 ਦਿਨ ਕੰਮ ਕਰਨ ਦੀ ਇਜਾਜ਼ਤ ਹੈ। ਪਰ ਭਾਰਤੀ ਵਿਦਿਆਰਥੀਆਂ ਦਾ ਇੱਕ ਸਮੂਹ ਹੈ ਜੋ ਕੰਮ ਦੇ ਨਿਯਮਾਂ ਨੂੰ ਲੈ ਕੇ ਬਹੁਤ ਉਲਝਣ ਵਿੱਚ ਹੈ। ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਕਿ ਕੈਬ ਡਰਾਈਵਰ ਜਾਂ ਡਿਲੀਵਰੀ ਬੁਆਏ ਵਜੋਂ ਕੰਮ ਕਰਨਾ ਪਾਰਟ-ਟਾਈਮ ਜਾਂ ਫੁਲ-ਟਾਈਮ ਕੰਮ ਮੰਨਿਆ ਜਾਂਦਾ ਹੈ ਜਾਂ ਨਹੀਂ। ਬਹੁਤ ਸਾਰੇ ਵਿਦਿਆਰਥੀ ਇੱਥੇ ਕੈਬ ਚਲਾਉਂਦੇ ਹਨ ਜਾਂ ਡਿਲੀਵਰੀ ਬੁਆਏ ਵਜੋਂ ਕੰਮ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਹਰ ਹਫਤੇ 1500 ਤੋਂ 2000 ਆਸਟ੍ਰੇਲੀਆਈ ਡਾਲਰ ਮਿਲਦੇ ਹਨ।