…ਤੇ ਏਅਰ ਨਿਊਜ਼ੀਲੈਂਡ ਨੂੰ ਮਨਵੀਰ ਪਰਹਾਰ ਤੋਂ ਮੰਗਣੀ ਪਈ ਮੁਆਫ਼ੀ, ਜਾਣੋ ਕੀ ਹੈ ਮਾਮਲਾ

ਮੈਲਬਰਨ : ਨਿਊਜ਼ੀਲੈਂਡ ’ਚ ਕ੍ਰਾਈਸਟਚਰਚ ਵਾਸੀ ਇਕ ਸਿੱਖ ਵਿਅਕਤੀ ਮਨਵੀਰ ਪਰਹਾਰ ਨੂੰ ਫ਼ਲਾਈਟ ਦੌਰਾਨ ਗ਼ਲਤੀ ਨਾਲ ਮੀਟ ਪਰੋਸਣ ਦੇ ਮਾਮਲੇ ’ਚ ਏਅਰ ਨਿਊਜ਼ੀਲੈਂਡ ਨੇ ਮੁਆਫੀ ਮੰਗ ਲਈ ਹੈ।

ਦਰਅਸਲ ਹਾਂਗਕਾਂਗ ਤੋਂ ਆਕਲੈਂਡ ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਉਡਾਣ ਵਿਚ ਮਨਵੀਰ ਨੇ ਆਪਣੇ ਲਈ ਸ਼ਾਕਾਹਾਰੀ ਭੋਜਨ ਬੁੱਕ ਕੀਤਾ ਸੀ। ਪਰ ਉਸ ਨੂੰ ਮੀਟ ਪਰੋਸ ਦਿੱਤਾ ਗਿਆ। ਖਾਣ ’ਤੇ ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਕੈਬਿਨ ਕਰੂ ਕੋਲ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀ। ਪਰਹਾਰ ਨੂੰ ਸ਼ੁਰੂ ਵਿੱਚ ਦੱਸਿਆ ਗਿਆ ਕਿ ਖਾਣਾ ਸ਼ਾਕਾਹਾਰੀ ਸੀ। ਜਦੋਂ ਉਸ ਨੇ ਮੁੜ ਸ਼ਿਕਾਇਤ ਕੀਤੀ ਤਾਂ ਜਾ ਕੇ ਚਾਲਕ ਦਲ ਦੇ ਮੈਂਬਰ ਨੇ ਆਪਣੀ ਗਲਤੀ ਮੰਨ ਲਈ ਅਤੇ ਸ਼ਾਕਾਹਾਰੀ ਭੋਜਨ ਪਰੋਸਿਆ ਗਿਆ।

ਏਅਰ ਨਿਊਜ਼ੀਲੈਂਡ ਨੇ ਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਹਰ ਗਾਹਕ ਦੀ ਯਾਤਰਾ ਨਿਰਵਿਘਨ ਹੋਵੇ, ਪਰ ਫਿਰ ਵੀ ਗਲਤੀਆਂ ਹੋ ਸਕਦੀਆਂ ਹਨ। ਏਅਰਲਾਈਨ ਨੇ ਮੁਆਫੀ ਮੰਗਣ ਅਤੇ ਇਹ ਯਕੀਨੀ ਬਣਾਉਣ ਲਈ ਸਿੱਧੇ ਪਰਹਾਰ ਤੱਕ ਪਹੁੰਚ ਕੀਤੀ ਹੈ ਕਿ ਭਵਿੱਖ ਦੀਆਂ ਉਡਾਣਾਂ ’ਤੇ ਅਜਿਹਾ ਦੁਬਾਰਾ ਨਾ ਹੋਵੇ।