ਅਰਵਿੰਦਰ ਪਾਲ ਕੌਰ ਬਣੀ ‘ਪੰਜਾਬੀ ਟ੍ਰਿਬਿਊਨ’ ਦੀ ਪਹਿਲੀ ਔਰਤ ਸੰਪਾਦਕ

ਚੰਡੀਗੜ੍ਹ : ਅਰਵਿੰਦਰ ਪਾਲ ਕੌਰ ਨੇ ‘ਪੰਜਾਬੀ ਟ੍ਰਿਬਿਊਨ’ ਦੀ ਪਹਿਲੀ ਔਰਤ ਸੰਪਾਦਕ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਜਨਵਰੀ 2024 ਤੋਂ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਆਪਣੇ ਪੱਤਰਕਾਰੀ ਦੇ ਸਫ਼ਰ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਅਤੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਤੋਂ ਡਿਗਰੀਆਂ ਹਾਸਲ ਕਰਨ ਉਪਰੰਤ 1988 ਵਿੱਚ ਟਰੇਨੀ ਸਬ-ਐਡੀਟਰ ਵਜੋਂ ‘ਪੰਜਾਬੀ ਟ੍ਰਿਬਿਊਨ’ ਵਿੱਚ ਹੀ ਕੀਤੀ ਸੀ।

ਨਿਊਜ਼ ਰੂਮ ’ਚ ਵੱਖ-ਵੱਖ ਅਹੁਦਿਆਂ ਉੱਤੇ ਕੰਮ ਕਰਨ ਉਪਰੰਤ ਉਨ੍ਹਾਂ ਮਾਰਚ 2019 ਵਿੱਚ ਸਮਾਚਾਰ ਸੰਪਾਦਕ ਦੀ ਜ਼ਿੰਮੇਵਾਰੀ ਸੰਭਾਲੀ। ਪੰਜਾਬੀ ਪੱਤਰਕਾਰੀ ਵਿੱਚ ਆਪਣੇ ਲੰਮੇ ਸਫ਼ਰ ਦੌਰਾਨ ਉਨ੍ਹਾਂ ਸੰਪਾਦਨ, ਅਨੁਵਾਦ, ਸੰਪਾਦਕੀ ਅਤੇ ਫੀਚਰ ਲੇਖਣ ’ਚ ਮੁਹਾਰਤ ਹਾਸਲ ਕੀਤੀ। ਪਿਛਲੇ 36 ਸਾਲਾਂ ਦੌਰਾਨ ਉਨ੍ਹਾਂ ਦੇ ਫੀਚਰ ‘ਪੰਜਾਬੀ ਟ੍ਰਿਬਿਊਨ’ ਵਿੱਚ ਸਮੇਂ-ਸਮੇਂ ’ਤੇ ਛਪਦੇ ਰਹੇ ਹਨ।

ਉਨ੍ਹਾਂ ਉੱਘੇ ਪੱਤਰਕਾਰ ਕੁਲਦੀਪ ਨਈਅਰ ਦੀ ਸਵੈ-ਜੀਵਨੀ ‘ਬਿਓਂਡ ਦਿ ਲਾਈਨਜ਼’ (ਅਜੋਕੇ ਭਾਰਤ ਦੀ ਅਣਕਹੀ ਦਾਸਤਾਨ) ਅਤੇ ‘ਸਕੂਪ’ (ਖ਼ਾਸ ਖ਼ਬਰ) ਸਣੇ ਚਾਰ ਪੁਸਤਕਾਂ ਅੰਗਰੇਜ਼ੀ ਤੋਂ ਪੰਜਾਬੀ ’ਚ ਅਨੁਵਾਦ ਕੀਤੀਆਂ ਹਨ। ਉਨ੍ਹਾਂ ਵੱਲੋਂ ਅਨੁਵਾਦ ਕੀਤੀ ‘ਰਾਅ’ ਦੇ ਸਾਬਕਾ ਮੁਖੀ ਏ.ਐੱਸ. ਦੁੱਲਤ ਦੀ ਪੁਸਤਕ ‘ਕਸ਼ਮੀਰ : ਦਿ ਵਾਜਪਾਈ ਯੀਅਰਜ਼’ (ਕਸ਼ਮੀਰ ਦੀ ਦਾਸਤਾਨ) ਨੂੰ ਚੰਡੀਗੜ੍ਹ ਸਾਹਿਤ ਅਕਾਦਮੀ ਨੇ ਸਾਲ 2019 ਦੀ ਬਿਹਤਰੀਨ ਅਨੁਵਾਦਿਤ ਪੁਸਤਕ ਦਾ ਪੁਰਸਕਾਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੰਦਿਤਾ ਸੀ. ਪੁਰੀ ਵੱਲੋਂ ਲਿਖੀ ਆਪਣੇ ਪਤੀ ਤੇ ਉੱਘੇ ਕਲਾਕਾਰ ਓਮ ਪੁਰੀ ਦੀ ਜੀਵਨੀ ‘ਅਨਲਾਈਕਲੀ ਹੀਰੋ’ (ਜ਼ਿੰਦਗੀ ਦਾ ਨਾਇਕ) ਵੀ ਅਨੁਵਾਦ ਕੀਤੀ ਹੈ।