ਮੈਲਬਰਨ ਦੇ ਪ੍ਰਾਇਮਰੀ ਸਕੂਲ ਪ੍ਰਿੰਸੀਪਲ ’ਤੇ ਲੱਗੇ ਬਾਲ ਸੋਸ਼ਣ ਸਮੱਗਰੀ ਰੱਖਣ ਦੇ ਦੋਸ਼, ਸਿੱਖਿਆ ਵਿਭਾਗ ਨੇ ਮਾਪਿਆਂ ਨੂੰ ਕੀਤਾ ਸੂਚਿਤ

ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਵਿਚ ਇਕ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ’ਤੇ ਬਾਲ ਸੋਸ਼ਣ ਸਮੱਗਰੀ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। Langwarrin Primary School ਦੇ ਮਾਪਿਆਂ ਨੂੰ ਅੱਜ ਸਿੱਖਿਆ ਵਿਭਾਗ ਤੋਂ ਇੱਕ ਪੱਤਰ ਮਿਲਿਆ, ਜਿਸ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਸਕੂਲ ਦੇ ਪ੍ਰਿੰਸੀਪਲ Richard Barren ’ਤੇ ਦੋਸ਼ ਲਗਾਏ ਗਏ ਹਨ। Barren ਨੂੰ ਅੱਜ ਮੈਲਬਰਨ ਮੈਜਿਸਟ੍ਰੇਟ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਉਹ 30 ਮਈ ਨੂੰ ਅਦਾਲਤ ਵਿੱਚ ਵਾਪਸ ਆਉਣਗੇ।

ਦਰਅਸਲ ਆਸਟ੍ਰੇਲੀਆਈ ਬਾਰਡਰ ਫੋਰਸ ਦੇ ਅਧਿਕਾਰੀਆਂ ਨੂੰ 26 ਜਨਵਰੀ ਨੂੰ ਮੈਲਬਰਨ ਹਵਾਈ ਅੱਡੇ ’ਤੇ ਸਾਮਾਨ ਦੀ ਤਲਾਸ਼ੀ ਦੌਰਾਨ Barren ਦੇ ਨਿੱਜੀ ਮੋਬਾਈਲ ਫੋਨ ’ਤੇ ਕਥਿਤ ਤੌਰ ’ਤੇ ਬਾਲ ਸ਼ੋਸ਼ਣ ਸਮੱਗਰੀ ਮਿਲੀ ਸੀ। ਉਹ ਅਮਰੀਕਾ ਤੋਂ ਆਸਟ੍ਰੇਲੀਆ ਪਰਤ ਰਿਹਾ ਸੀ। ਅਧਿਕਾਰੀਆਂ ਨੇ Mornington Peninsula ਵਿਚ ਇਕ ਘਰ ਦੀ ਤਲਾਸ਼ੀ ਲਈ ਅਤੇ ਅਗਲੇਰੀ ਫੋਰੈਂਸਿਕ ਜਾਂਚ ਲਈ ਕਈ ਇਲੈਕਟ੍ਰਾਨਿਕ ਉਪਕਰਣਾਂ ਨੂੰ ਵੀ ਜ਼ਬਤ ਕੀਤਾ।

ਹਾਲਾਂਕਿ ਵਿਭਾਗ ਵੱਲੋਂ ਮਾਪਿਆਂ ਨੂੰ ਲਿਖੀ ਚਿੱਠੀ ’ਚ ਕਿਹਾ ਗਿਆ ਹੈ ਕਿ ਇਸ ਪੜਾਅ ’ਤੇ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਇਸ ਸਕੂਲ ਦਾ ਕੋਈ ਵਿਦਿਆਰਥੀ ਪ੍ਰਭਾਵਿਤ ਹੋਇਆ ਹੈ। ਸਹਾਇਕ ਪ੍ਰਿੰਸੀਪਲ Deb Harrow ਨੂੰ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ।

ਬੱਚਿਆਂ ਬਾਰੇ ਕਿਸੇ ਵੀ ਸਮੱਸਿਆ ਲਈ ਹੈਲਪਲਾਈਨ 1800 55 1800 ’ਤੇ ਸੰਪਰਕ ਕੀਤਾ ਜਾ ਸਕਦਾ ਹੈ।