PBSA-2025 ਜੇਤੂਆਂ ਦੀ ਸੂਚੀ ਜਾਰੀ, ਆਸਟ੍ਰੇਲੀਆ ਤੋਂ ਪ੍ਰੋਫ਼ੈਸਰ ਅਜੈ ਰਾਣੇ ਨੂੰ ਮਿਲੇਗਾ ਸਨਮਾਨ

ਮੈਲਬਰਨ : ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਗਾਮੀ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦੇ ਸਮਾਪਤੀ ਸੈਸ਼ਨ ਦੌਰਾਨ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ (PBSA) ਪ੍ਰਦਾਨ ਕਰਨਗੇ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਾਲ ਦੇ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। PBSA ਭਾਰਤੀ ਪ੍ਰਵਾਸੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ। ਇਹ ਪੁਰਸਕਾਰ ਪ੍ਰਵਾਸੀ ਭਾਰਤੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ। ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ 18ਵਾਂ ਸੰਸਕਰਣ 8 ਤੋਂ 10 ਜਨਵਰੀ ਤੱਕ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਕੀਤਾ ਜਾਵੇਗਾ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ-2025 ਦੇਣ ਲਈ ਕਮੇਟੀ ਵੱਲੋਂ ਸਿਫਾਰਸ਼ ਕੀਤੇ ਗਏ ਪੁਰਸਕਾਰ ਜੇਤੂਆਂ ਦੀ ਸੂਚੀ ਵਿੱਚ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਤੋਂ ਪ੍ਰੋਫੈਸਰ ਅਜੈ ਰਾਣੇ (ਕਮਿਊਨਿਟੀ ਸਰਵਿਸ ਲਈ), ਯੂਨਾਈਟਿਡ ਕਿੰਗਡਮ (ਰਾਜਨੀਤੀ ਲਈ) ਤੋਂ ਊਸ਼ਾ ਕੁਮਾਰੀ ਪਰਾਸ਼ਰ ਅਤੇ ਅਮਰੀਕਾ ਤੋਂ ਡਾ ਸ਼ਰਮੀਲਾ ਫੋਰਡ (ਕਮਿਊਨਿਟੀ ਸਰਵਿਸ ਲਈ), ਆਸਟਰੀਆ ਤੋਂ ਡਾ. ਮਾਰੀਆਲੇਨਾ ਜੋਆਨ ਫਰਨਾਂਡਿਸ (ਸਿੱਖਿਆ ਦੇ ਖੇਤਰ ਵਿੱਚ), ਰੋਮਾਨੀਆ ਤੋਂ ਜਗਨਨਾਥ ਸ਼ੇਖਰ ਅਸਥਾਨਾ (ਕਾਰੋਬਾਰ ਦੇ ਖੇਤਰ ਵਿੱਚ) ਸ਼ਾਮਲ ਹਨ। ਕੁਝ ਸੰਸਥਾਵਾਂ ਨੂੰ ਇਹ ਪੁਰਸਕਾਰ ਵੀ ਦਿੱਤਾ ਜਾਵੇਗਾ। ਭਾਈਚਾਰਕ ਸੇਵਾ ਲਈ ਸਨਮਾਨ ਹਾਸਲ ਕਰਨ ਵਾਲੀ ਰੂਸੀ ਸੰਸਥਾ ਹਿੰਦੁਸਤਾਨੀ ਸਮਾਜ ਤੋਂ ਇਲਾਵਾ ਗੁਆਨਾ ਦੀ ਸਰਸਵਤੀ ਵਿਦਿਆ ਨਿਕੇਤਨ ਵੀ ਇਸ ਸੂਚੀ ਵਿਚ ਸ਼ਾਮਲ ਹੈ।