ਮੈਲਬਰਨ : ਅਮਰੀਕਾ ਦੇ ਸਟੇਟ ਲੂਸੀਆਨਾ ਦੇ ਸ਼ਹਿਰ New Orleans ’ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ’ਤੇ ਸਾਲ ਦੇ ਪਹਿਲੇ ਦਿਨ ਹੀ ਤੜਕਸਾਰ ਇੱਕ 42 ਸਾਲ ਦੇ ਵਿਅਕਤੀ ਨੇ ਆਪਣੀ ਗੱਡੀ ਚੜ੍ਹਾ ਦਿੱਤੀ। ਅਤਿਵਾਦੀ ਹਮਲਾ ਕਰਾਰ ਦਿੱਤੀ ਜਾ ਰਹੀ ਇਸ ਘਟਨਾ ’ਚ ਹੁਣ ਤਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 35 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਹਮਲਾਵਰ ਦੀ ਪਛਾਣ 42 ਸਾਲ ਦੇ ਸ਼ਮਸੂਦੀਨ ਜਬਰ ਵਜੋਂ ਹੋਈ ਹੈ। 1 ਜਨਵਰੀ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 3:15 ਵਜੇ ਨਵੇਂ ਸਾਲ ਦੀ ਪਾਰਟੀ ਮਨਾ ਕੇ ਪਰਤ ਰਹੇ ਦਰਜਨਾਂ ਲੋਕਾਂ ਨੂੰ ਦਰੜਨ ਤੋਂ ਬਾਅਦ ਜਦੋਂ ਉਸ ਦੀ ਗੱਡੀ ਰੁਕੀ ਤਾਂ ਉਸ ਨੇ ਗੱਡੀ ’ਚੋਂ ਬੰਦੂਕ ਕੱਢ ਲਈ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਪੁਲਿਸ ਵਾਲਿਆਂ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ’ਚ ਉਹ ਮਾਰਿਆ ਗਿਆ। ਦੋ ਪੁਲਿਸ ਵਾਲੇ ਜ਼ਖ਼ਮੀ ਹੋ ਗਏ।
ਸ਼ਮਸੂਦੀਨ ਜਬਰ ਅਮਰੀਕੀ ਫ਼ੌਜ ਦਾ ਸੇਵਾਮੁਕਤ ਅਫ਼ਸਰ ਦੱਸਿਆ ਜਾ ਰਿਹਾ ਹੈ, ਜੋ ਕਿ ਪਿਛਲੇ ਕੁੱਝ ਸਾਲਾਂ ਤੋਂ ISIS ਤੋਂ ਪ੍ਰਭਾਵਤ ਸੀ। ਉਸ ਦਾ ਤਲਾਕ ਹੋ ਚੁਕਿਆ ਸੀ ਅਤੇ ਕਾਰੋਬਾਰੀ ਵੀ ਨੁਕਸਾਨ ’ਚ ਚਲ ਰਿਹਾ ਸੀ। ਉਸ ਦੇ ਸਿਰ ਕਾਫ਼ੀ ਕਰਜ਼ ਦਸਿਆ ਜਾ ਰਿਹਾ ਹੈ। FBI ਮਾਮਲੇ ਦੀ ਜਾਂਚ ਕਰ ਰਹੀ ਹੈ।
ਤਿੰਨ ਮਰਨ ਵਾਲਿਆਂ ਦੀ ਪਛਾਣ ਜਾਰੀ ਕੀਤੀ ਗਈ ਹੈ, ਜਿਨ੍ਹਾਂ ’ਚ 18 ਸਾਲ ਦੀ Nikyra Dedeaux,37 ਸਾਲ ਦਾ Reggie Hunter ਅਤੇ ਫ਼ੁੱਟਬਾਲ ਖਿਡਾਰੀ Tiger Bech ਸ਼ਾਮਲ ਹਨ।