ਭਾਰਤੀ ਕ੍ਰਿਕਟਰਾਂ ਨੇ ਬਾਂਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਡਾ. ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਮੈਲਬਰਨ : ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਖਿਲਾਫ ਚੌਥੇ ਟੈਸਟ ਦੇ ਦੂਜੇ ਦਿਨ ਬਾਂਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਡਾ. ਮਨਮੋਹਨ ਸਿੰਘ ਦਾ ਬੀਤੀ ਰਾਤ ਨਵੀਂ ਦਿੱਲੀ ਵਿੱਚ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਭਾਰਤੀ ਟੀਮ ਬਾਰਡਰ ਗਵਾਸਕਰ ਟਰਾਫ਼ੀ ਦੇ ਚੌਥੇ ਮੈਚ ਦੇ ਦੂਜੇ ਦਿਨ ਮੈਲਬਰਨ ਕ੍ਰਿਕਟ ਗਰਾਊਂਡ ’ਤੇ ਡਾ. ਮਨਮੋਹਨ ਸਿੰਘ ਦੇ ਸਨਮਾਨ ਅਤੇ ਸੋਗ ਦੇ ਸੰਕੇਤ ਵਜੋਂ ਬਾਂਹ ’ਤੇ ਕਾਲੀ ਪੱਟੀਆਂ ਬੰਨ੍ਹ ਕੇ ਮੈਦਾਨ ’ਤੇ ਉਤਰੀ। ਇਸ ਦੌਰਾਨ ਕੁਮੈਂਟਰੀ ਕਰ ਰਹੇ ਹਰਸ਼ਾ ਭੋਗਲੇ ਅਤੇ ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਵੀ ਭਾਰਤ ਦੇ ਆਰਥਿਕ ਉਦਾਰੀਕਰਨ ਅਤੇ ਸਥਿਰਤਾ ਵਿੱਚ ਡਾ. ਮਨਮੋਹਨ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕੀਤੀ।