ਮੈਲਬਰਨ ਦੀ ਸੀਵਰੇਜ ’ਚ ਮਿਲਿਆ ਪੋਲੀਓ ਵਾਇਰਸ, ਜਾਣੋ ਕੀ ਕਹਿਣੈ ਸਿਹਤ ਵਿਭਾਗ ਦਾ

ਮੈਲਬਰਨ : ਵਿਕਟੋਰੀਆ ਦੇ ਸੀਵਰੇਜ ਵਿੱਚ ਇੱਕ ਅਸਧਾਰਨ ਖੋਜ ਨੇ ਸਿਹਤ ਅਲਰਟ ਪੈਦਾ ਕਰ ਦਿੱਤਾ ਹੈ। ਸਟੇਟ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਉਸ ਨੂੰ ਮੈਲਬਰਨ ’ਚ ਗੰਦੇ ਪਾਣੀ ਦੇ ਨਿਯਮਤ ਨਮੂਨਿਆਂ ’ਚ ਵੈਕਸੀਨ ਤੋਂ ਪ੍ਰਾਪਤ ਪੋਲੀਓਵਾਇਰਸ ਟਾਈਪ-2 (VDPV2) ਮਿਲਿਆ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਮੈਲਬਰਨ ’ਚ ਪੋਲੀਓ ਹੈ।

ਇਸ ਗੱਲ ਦੀ ਸੰਭਾਵਨਾ ਹੈ ਕਿ ਜਿਸ ਵਿਅਕਤੀ ਨੇ ਵਿਦੇਸ਼ਾਂ ’ਚ ਪੋਲੀਓ ਦਾ ਟੀਕਾ ਲਗਵਾਇਆ ਸੀ, ਉਸ ਨੇ ਵਿਕਟੋਰੀਆ ਪਹੁੰਚਣ ਤੋਂ ਬਾਅਦ ਵਾਇਰਸ ਨੂੰ ‘ਤਿਆਗਣਾ’ ਜਾਰੀ ਰੱਖਿਆ ਹੈ। ਵਿਕਟੋਰੀਆ ਹੈਲਥ ਨੇ ਕਿਹਾ, ‘‘ਗੰਦੇ ਪਾਣੀ ਵਿੱਚ ਵਾਇਰਸ ਦੀ ਮੌਜੂਦਗੀ ਮੈਲਬਰਨ ਦੇ ਵਸਨੀਕਾਂ ਲਈ ਕੋਈ ਖਤਰਾ ਨਹੀਂ ਹੈ, ਕਿਉਂਕਿ ਸੀਵਰੇਜ ਦਾ ਚੰਗੀ ਤਰ੍ਹਾਂ ਪ੍ਰਬੰਧ ਕੀਤਾ ਜਾਂਦਾ ਹੈ।’’

ਵਿਕਟੋਰੀਆ ’ਚ 5 ਸਾਲ ਦੀ ਉਮਰ ਤਕ 95 ਫ਼ੀਸਦੀ ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪ੍ਰਾਪਤ ਹੈ ਪਰ 2021 ਤੋਂ ਬਾਅਦ ਪੋਲੀਓ ਟੀਕਾਕਰਨ ਘੱਟ ਹੋਇਆ ਹੈ। ਪੋਲੀਓ, ਜਾਂ ਪੋਲੀਓਮਾਈਲਾਈਟਿਸ, ਇੱਕ ਬਹੁਤ ਹੀ ਛੂਤਕਾਰੀ ਵਾਇਰਲ ਲਾਗ ਹੈ ਜੋ ਅਧਰੰਗ ਅਤੇ ਮੌਤ ਦਾ ਕਾਰਨ ਬਣ ਸਕਦੀ ਹੈ। ਆਸਟ੍ਰੇਲੀਆ ਪੋਲੀਓ ਮੁਕਤ ਹੈ ਪਰ ਇਹ ਘਟਨਾ ਇਸ ਗੱਲ ਦੀ ਸੂਚਕ ਹੈ ਕਿ ਟੀਕਾਕਰਨ ਜ਼ਰੂਰੀ ਹੈ।