ਟਰੰਪ ਲਈ ਅਰਦਾਸ ਕਰਨ ਵਾਲੀ ਹਰਮੀਤ ਕੌਰ ਢਿੱਲੋਂ ਬਣੇਗੀ ਅਮਰੀਕਾ ਦੀ ਸਹਾਇਕ ਅਟਾਰਨੀ ਜਨਰਲ, ਭਾਰਤ ਵਿਰੋਧੀ ਰੁਖ਼ ਲਈ ਮਸ਼ਹੂਰ ਨੇ ਢਿੱਲੋਂ

ਮੈਲਬਰਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਤੋਂ ਰਿਪਬਲਿਕਨ ਲੀਡਰ ਅਤੇ ਵਕੀਲ ਹਰਮੀਤ ਢਿੱਲੋਂ ਨੂੰ ਨਿਆਂ ਵਿਭਾਗ ਵਿਚ ਨਾਗਰਿਕ ਅਧਿਕਾਰਾਂ ਦਾ ਇੰਚਾਰਜ ਸਹਾਇਕ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ। ਢਿੱਲੋਂ ਦਾ ਨਾਗਰਿਕ ਆਜ਼ਾਦੀ ਦੀ ਵਕਾਲਤ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਉਹ ਟਰੰਪ ਦੇ ਮਜ਼ਬੂਤ ਸਮਰਥਕ ਰਹੇ ਹਨ। ਉਹ ਸਿੱਖ ਭਾਈਚਾਰੇ ਪ੍ਰਤੀ ਭਾਰਤ ਸਰਕਾਰ ਦੀਆਂ ਕਾਰਵਾਈਆਂ ਦੀ ਵੀ ਆਲੋਚਨਾ ਕਰਦੀ ਰਹੀ ਹੈ ਅਤੇ ਭਾਰਤ ’ਤੇ ਉੱਤਰੀ ਅਮਰੀਕਾ ਵਿਚ ਸਿੱਖ ਕਾਰਕੁਨਾਂ ਵਿਰੁੱਧ ‘ਅੰਤਰਰਾਸ਼ਟਰੀ ਦਮਨ’ ਅਤੇ ‘ਕਤਲ ਦੀਆਂ ਸਾਜ਼ਿਸ਼ਾਂ’ ਦਾ ਦੋਸ਼ ਲਗਾਉਂਦੀ ਰਹੀ ਹੈ।

ਢਿੱਲੋਂ ਦੀ ਨਾਮਜ਼ਦਗੀ ਨੇ ਉਸ ਦੇ ਪਿਛਲੇ ਬਿਆਨਾਂ ਅਤੇ ਕਾਰਵਾਈਆਂ ਨੇ ਭਾਰਤ ਲਈ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਜਿਸ ਵਿੱਚ ਭਾਰਤ ਦੇ ਮਨੁੱਖੀ ਅਧਿਕਾਰ ਰਿਕਾਰਡ ਦੀ ਆਲੋਚਨਾ ਅਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਵਿਰੁੱਧ ਕੇਸਾਂ ਦਾ ਸਮਰਥਨ ਕਰਨਾ ਸ਼ਾਮਲ ਹੈ। ਉਹ ਕੋਵਿਡ-19 ਪਾਬੰਦੀਆਂ, ਲਿੰਗ ਤਬਦੀਲੀਆਂ ਅਤੇ ਬੋਲਣ ਦੀ ਆਜ਼ਾਦੀ ਨਾਲ ਸਬੰਧਤ ਕਾਨੂੰਨੀ ਲੜਾਈਆਂ ਵਿੱਚ ਵੀ ਸ਼ਾਮਲ ਰਹੀ ਹੈ। ਸਹਾਇਕ ਅਟਾਰਨੀ ਜਨਰਲ ਹੋਣ ਦੇ ਨਾਤੇ ਢਿੱਲੋਂ ਕੋਲ ਸਿੱਖ-ਅਮਰੀਕੀਆਂ ਦੀਆਂ ਸ਼ਿਕਾਇਤਾਂ ‘ਤੇ ਸਿੱਧਾ ਅਧਿਕਾਰ ਹੋਵੇਗਾ, ਜਿਨ੍ਹਾਂ ਨੇ ਭਾਰਤ ਸਰਕਾਰ ‘ਤੇ ਅੰਤਰਰਾਸ਼ਟਰੀ ਦਮਨ ਦਾ ਦੋਸ਼ ਲਾਇਆ ਹੈ।