NRIs ਲਈ ਖ਼ੁਸ਼ਖਬਰੀ, ਮੁਦਰਾ ਨੀਤੀ ਦੇ ਐਲਾਨ ਦੌਰਾਨ RBI ਨੇ ਕੀਤਾ ਵੱਡਾ ਫੈਸਲਾ

ਮੈਲਬਰਨ : ਭਾਰਤੀ ਰਿਜ਼ਰਵ ਬੈਂਕ (RBI) ਨੇ ਪ੍ਰਵਾਸੀ ਭਾਰਤੀਆਂ (NRIs) ਦੀ ਵਿਦੇਸ਼ੀ ਮੁਦਰਾ ਜਮ੍ਹਾਂ ਰਕਮ ’ਤੇ ਵਿਆਜ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਉਦੇਸ਼ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ਦੀ ਡਿੱਗ ਰਹੀ ਕੀਮਤ ਨੂੰ ਲਗਾਮ ਲਾਉਣਾ ਹੈ।

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਚਾਲੂ ਵਿੱਤੀ ਸਾਲ ਲਈ ਪੰਜਵੀਂ ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਅੱਜ ਤੋਂ ਹੀ ਭਾਰਤੀ ਬੈਂਕਾਂ ਨੂੰ ਇਕ ਸਾਲ ਤੋਂ ਲੈ ਕੇ ਤਿੰਨ ਸਾਲ ਤੋਂ ਘੱਟ ਦੀ ਮਿਆਦ ਵਾਲੀ ਨਵੀਂ NCNR (B) ਜਮ੍ਹਾਂ ਰਕਮ 4 ਫੀਸਦੀ ਦੀ ਛੋਟੀ ਮਿਆਦ ਦੀ Alternative Reference Rate (ARR) ਜਮ੍ਹਾਂ ਰਕਮ ’ਤੇ ਇਕੱਠੀ ਕਰਨ ਦੀ ਇਜਾਜ਼ਤ ਹੋਵੇਗੀ, ਜੋ ਪਹਿਲਾਂ 2.50 ਫੀਸਦੀ ਸੀ। ਇਸੇ ਤਰ੍ਹਾਂ 3-5 ਸਾਲ ਦੀ ਮਿਆਦ ਵਾਲੀ ਜਮ੍ਹਾਂ ਰਕਮ ’ਤੇ ARR ਪਲੱਸ 5 ਫੀਸਦੀ ਵਿਆਜ ਦਿੱਤਾ ਜਾ ਸਕਦਾ ਹੈ, ਜੋ ਪਹਿਲਾਂ 3.50 ਫੀਸਦੀ ਸੀ। RBI ਗਵਰਨਰ ਨੇ ਕਿਹਾ ਕਿ ਇਹ ਛੋਟ ਅਗਲੇ ਸਾਲ 31 ਮਾਰਚ ਤੱਕ ਹੀ ਉਪਲਬਧ ਹੋਵੇਗੀ।

ਕੇਂਦਰੀ ਬੈਂਕ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਡਾਲਰ ਦੇ ਮੁਕਾਬਲੇ ਰੁਪਿਆ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਚਾਲੂ ਹਫਤੇ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 84.75 ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਸੀ।