ਸਿਡਨੀ ’ਚ ਦੋਹਰਾ ਕਤਲ, ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਦੀ ਜਾਂਚ ’ਚ ਲੱਗੀ ਪੁਲਿਸ

ਮੈਲਬਰਨ : ਸਿਡਨੀ ਦੇ ਵੈਸਟ ’ਚ ਸ਼ਨੀਵਾਰ ਸਵੇਰੇ ਕੈਂਬਰਿਜ ਪਾਰਕ ਦੀ ਆਕਸਫੋਰਡ ਸਟ੍ਰੀਟ ’ਤੇ ਇਕ ਦੁਕਾਨ ’ਚੋਂ ਦੋ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਦੀ ਪਛਾਣ 60 ਸਾਲ ਦੀ ਉਮਰ ਦੇ ਇਕ ਮਰਦ ਅਤੇ ਔਰਤ ਵਜੋਂ ਹੋਈ ਹੈ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਪਰਿਵਾਰ ਦੇ ਇਕ ਮੈਂਬਰ ਵੱਲੋਂ ਸੱਦਣ ਮਗਰੋਂ ਪੁਲਿਸ ਅਪਰਾਧ ਵਾਲੀ ਥਾਂ ’ਤੇ ਪੁੱਜੀ ਸੀ। ਅਜੇ ਤਕ ਮ੍ਰਿਤਕਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ।

ਡਿਟੈਕਟਿਵ ਸੁਪਰਡੈਂਟ Michael Cantrell ਨੇ ਕਿਹਾ ਕਿ ਪੁਲਿਸ ਕੋਲ ਅਜੇ ਤੱਕ ਕੋਈ ਸ਼ੱਕੀ ਨਹੀਂ ਹੈ ਅਤੇ ਉਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਫੁਟੇਜ ਦੀ ਜਾਂਚ ਕਰ ਰਹੀ ਹੈ, ਜਿਸ ’ਚ ਇਕ ਵੀਡੀਓ ਵੀ ਸ਼ਾਮਲ ਹੈ, ਜਿਸ ’ਚ ਕਾਲੇ ਕੱਪੜਿਆਂ ਵਾਲਾ ਇਕ ਵਿਅਕਤੀ ਦੁਕਾਨ ਦੇ ਆਸ-ਪਾਸ ਦਿਖਾਈ ਦੇ ਰਿਹਾ ਹੈ। ਪੁਲਿਸ ਉਨ੍ਹਾਂ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ ਜੋ ਸ਼ੁੱਕਰਵਾਰ ਰਾਤ ਜਾਂ ਸ਼ਨੀਵਾਰ ਸਵੇਰੇ ਖੇਤਰ ਵਿੱਚ ਸਨ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 1800 333 000 ’ਤੇ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕੀਤਾ ਜਾ ਸਕਦਾ ਹੈ।