ਆਸਟ੍ਰੇਲੀਆ ’ਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਿਛਲੇ ਮਹੀਨੇ ਹੀ ਹੋਇਆ ਸੀ ਵਿਆਹ

ਮੈਲਬਰਨ : ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ’ਤੇ ਆਏ 21 ਸਾਲ ਦੇ ਨਵਵਿਆਹੁਤਾ ਨੌਜੁਆਨ ਅਣਖਪਾਲ ਸਿੰਘ ਦੀ 13 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਪਿਛਲੇ ਮਹੀਨੇ ਹੀ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਸਿਰਫ਼ ਤਿੰਨ ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ। ਅਣਖਪਾਲ ਸਿੰਘ ਆਪਣੇ ਪਰਿਵਾਰ ’ਚ ਇਕਲੌਤਾ ਕਮਾਉਣ ਵਾਲਾ ਸੀ।

ਸਤੰਬਰ 2022 ’ਚ ਵਿਦਿਆਰਥੀ ਵੀਜ਼ੇ ’ਤੇ ਸਾਊਥ ਆਸਟ੍ਰੇਲੀਆ ਦੇ Ovingham ਪਹੁੰਚੇ ਅਣਖਪਾਲ ਸਿੰਘ ਦੀ ਅਚਾਨਕ ਮੌਤ ਨੇ ਨਾ ਸਿਰਫ ਉਸ ਦੇ ਪਰਿਵਾਰ ਦੀ ਜ਼ਿੰਦਗੀ ਨੂੰ ਭਾਵਨਾਤਮਕ ਤੌਰ ’ਤੇ ਤਬਾਹ ਕਰ ਦਿੱਤਾ ਹੈ ਬਲਕਿ ਉਨ੍ਹਾਂ ’ਤੇ ਭਾਰੀ ਵਿੱਤੀ ਤਣਾਅ ਵਿੱਚ ਵੀ ਪਾ ਦਿੱਤਾ ਹੈ। ਉਸ ਦੀ ਪਤਨੀ ਸ਼ਰਨਜੀਤ ਕੌਰ ਨੇ ਇੱਕ GoFundMe ਮੁਹਿੰਮ ਰਾਹੀਂ ਅਣਖਪਾਲ ਸਿੰਘ ਦੇ ਅੰਤਮ ਸੰਸਕਾਰ, ਮੈਡੀਕਲ ਬਿੱਲਾਂ ਅਤੇ ਹੋਰ ਅਣਕਿਆਸੇ ਖ਼ਰਚਿਆਂ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਆਪਣੇ ਸੰਦੇਸ਼ ’ਚ ਉਨ੍ਹਾਂ ਕਿਹਾ, ‘‘ਬਹੁਤ ਦੁੱਖ ਨਾਲ ਅਸੀਂ ਇੱਕ ਪਿਆਰੇ ਪੁੱਤਰ, ਪਤੀ, ਭਰਾ ਅਤੇ ਦੋਸਤ ਅਣਖਪਾਲ ਸਿੰਘ ਦੇ ਦਿਹਾਂਤ ’ਤੇ ਦੁੱਖ ਸਾਂਝਾ ਕਰ ਰਹੇ ਹਾਂ। ਕੋਈ ਵੀ ਯੋਗਦਾਨ, ਚਾਹੇ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਇਸ ਅਵਿਸ਼ਵਾਸ਼ਯੋਗ ਚੁਣੌਤੀਪੂਰਨ ਸਮੇਂ ਦੌਰਾਨ ਮਦਦਗਾਰ ਸਾਬਤ ਹੋਵੇਗਾ।’’