ਮੈਲਬਰਨ : ਵਿਕਟੋਰੀਆ ਦੇ Yarrawonga ਨੇੜੇ ਇਕ ਕੈਂਪ ਗਰਾਊਂਡ ਵਿਚ ਮੰਗਲਵਾਰ ਰਾਤ ਨੂੰ ਅਚਾਨਕ ਆਏ ਤੂਫਾਨ ਤੋਂ ਆਪਣੇ ਪਰਿਵਾਰ ਸਮੇਤ ਭੱਜਣ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ’ਤੇ ਦਰੱਖਤ ਦੀ ਟਾਹਣੀ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਦਰੱਖਤ ਦੀ ਟਾਹਣੀ ਚੱਲਦੀ ਕਾਰ ’ਤੇ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਕਰਮਚਾਰੀਆਂ ਨੂੰ ਸ਼ਾਮ 7 ਵਜੇ ਲੂਪ ਟਰੈਕ ’ਤੇ ਕੈਂਪ ਸਾਈਟ ’ਤੇ ਬੁਲਾਇਆ ਗਿਆ। 45 ਸਾਲ ਦੇ ਪੁਰਸ਼ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦਾ ਨਾਬਾਲਗ ਪੁੱਤਰ ਅਤੇ ਪਤਨੀ ਦਾ ਬਚਾਅ ਹੋ ਗਿਆ। ਉਨ੍ਹਾਂ ਨੂੰ ਗੈਰ-ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ ਅਤੇ ਉਹ ਹਸਪਤਾਲ ਵਿੱਚ ਹਨ। ਇਹ ਪਰਿਵਾਰ Yarrawonga ਇਲਾਕੇ ਦਾ ਰਹਿਣ ਵਾਲਾ ਹੈ।
ਮੀਂਹ ਅਤੇ ਹਨੇਰੀ ਨੇ ਮਚਾਈ ਭਾਰੀ ਤਬਾਹੀ
ਦੂਜੇ ਪਾਸੇ ਮੌਸਮ ਦੀ ਮਾਰ ਕਾਰਨ ਵਿਕਟੋਰੀਆ ’ਚ ਕਈ ਥਾਵਾਂ ’ਤੇ ਦਰੱਖਤ ਡਿੱਗਣ ਅਤੇ ਰੇਲ ਲਾਈਨਾਂ ਮੁਅੱਤਲ ਹੋਣ ਦੀਆਂ ਘਟਨਾਵਾਂ ਵਾਪਰੀਆਂ। ਸ਼ਾਮ 4 ਵਜੇ ਤੱਕ SES ਨੂੰ ਮਦਦ ਲਈ 200 ਤੋਂ ਵੱਧ ਕਾਲਾਂ ਆਈਆਂ ਸਨ, ਮੀਂਹ ਕਾਰਨ ਕਈ ਥਾਂ ’ਤੇ ਚਿੱਕੜ ਭਰੇ ਹੜ੍ਹ ਵੀ ਆ ਗਏ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਸਟੇਟ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਤੂਫਾਨ ਦੀ ਭਵਿੱਖਬਾਣੀ ਹੈ।
ਅੱਜ ਦੁਪਹਿਰ Middle Brighton station ’ਤੇ Sandringham ਲਾਈਨ ’ਤੇ ਦਰੱਖ਼ਤ ਡਿੱਗਣ ਕਾਰਨ ਦੋਹਾਂ ਪਾਸਿਆਂ ਤੋਂ ਰੇਲ ਆਵਾਜਾਈ ਰੋਕ ਦਿੱਤੀ ਗਈ। ਸਵਾਰੀਆਂ ਨੂੰ ਬੱਸਾਂ ਰਾਹੀਂ ਭੇਜਿਆ ਗਿਆ। ਤੂਫਾਨ ਦੇ ਨੁਕਸਾਨ ਕਾਰਨ ਮੇਰਂਡਾ ਲਾਈਨ ’ਤੇ ਸ਼ਹਿਰ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਵੀ Regent ਸਟੇਸ਼ਨ ਨੂੰ ਬਾਈਪਾਸ ਕਰਨ ਲਈ ਮਜਬੂਰ ਹੋਣਾ ਪਿਆ।
ਸਵੇਰੇ 9 ਵਜੇ ਤੱਕ ਬੀਤੇ 24 ਘੰਟਿਆਂ ਦੌਰਾਨ ਮੈਲਬਰਨ ਦੇ CBD ਵਿੱਚ 24 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। Viewbank ‘ਚ 33 ਮਿਲੀਮੀਟਰ, Osbornes ਫਲੈਟ ‘ਚ 57 ਮਿਲੀਮੀਟਰ ਅਤੇ Stawell ‘ਚ 60 ਮਿਲੀਮੀਟਰ ਡਿੱਗਿਆ।