NSW ’ਚ ਟੈਕਸੀ ਡਰਾਈਵਰਾਂ ਲਈ ਨਿਯਮ ਕੀਤੇ ਸਖ਼ਤ, ਵਾਧੂ ਕਿਰਾਇਆ ਵਸੂਲਣ ਵਾਲਿਆਂ ’ਤੇ ਲੱਗੇਗੀ ਪਾਬੰਦੀ

ਮੈਲਬਰਨ : NSW ਦੀ ਟਰਾਂਸਪੋਰਟ ਮੰਤਰੀ ਨੇ ਐਲਾਨ ਕੀਤਾ ਹੈ ਕਿ ਮੁਸਾਫ਼ਰਾਂ ਤੋਂ ਨਾਜਾਇਜ਼ ਕਿਰਾਇਆ ਮੰਗਣ ਵਾਲੇ ਟੈਕਸੀ ਡਰਾਈਵਰਾਂ ਦੇ ਗੱਡੀ ਚਲਾਉਣ ’ਤੇ ਪਾਬੰਦੀ ਹੋਵੇਗੀ। ਕਿਰਾਏ ਨਾਲ ਜੁੜੇ ਦੋ ਅਪਰਾਧ ਕਰਨ ਵਾਲੇ ਟੈਕਸੀ ਡਰਾਈਵਰਾਂ ਨੂੰ 6 ਦਸੰਬਰ ਤੋਂ ਟੈਕਸੀ, ਰਾਈਡਸ਼ੇਅਰ ਜਾਂ ਕਿਸੇ ਹੋਰ ਕਿਸਮ ਦੀ ਆਵਾਜਾਈ ਚਲਾਉਣ ਤੋਂ ਅਯੋਗ ਕਰਾਰ ਦਿੱਤਾ ਜਾਵੇਗਾ।

ਇਨ੍ਹਾਂ ਅਪਰਾਧਾਂ ’ਚ ਮੀਟਰ ਦੀ ਵਰਤੋਂ ਨਾ ਕਰਨਾ, ਜ਼ਿਆਦਾ ਚਾਰਜ ਲੈਣਾ, ਥੋੜ੍ਹੀ ਦੂਰੀ ਦੀ ਯਾਤਰਾ ਕਰਨ ਵਾਲੇ ਮੁਸਾਫ਼ਰ ਨੂੰ ਇਨਕਾਰ ਕਰਨਾ, ਮੀਟਰ ’ਤੇ ਨਾ ਦਿਖਾਏ ਗਏ ਕਿਰਾਏ ਦੀ ਮੰਗ ਕਰਨਾ, ਸਰਚਾਰਜ ਜੋੜਨਾ ਅਤੇ ਪੰਜ ਤੋਂ ਘੱਟ ਯਾਤਰੀਆਂ ਲਈ ਮੈਕਸੀ-ਟੈਕਸੀ ਸਰਚਾਰਜ ਵਸੂਲਣਾ ਸ਼ਾਮਲ ਹੈ।

ਟਰਾਂਸਪੋਰਟ ਮੰਤਰੀ ਜੋ ਹੇਲੇਨ ਨੇ ਕਿਹਾ, ‘‘ਅਸੀਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਬਹੁਤ ਘੱਟ ਡਰਾਈਵਰਾਂ ਨੂੰ ਸਖਤ ਸੰਦੇਸ਼ ਦੇ ਰਹੇ ਹਾਂ ਕਿ ਜੇ ਉਹ ਜ਼ਿਆਦਾ ਚਾਰਜ ਕਰਨਾ ਜਾਰੀ ਰੱਖਦੇ ਹਨ, ਮੀਟਰ ਦੀ ਵਰਤੋਂ ਨਹੀਂ ਕਰਦੇ ਜਾਂ ਬਣਦੇ ਕਿਰਾਏ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਹੁਣ ਉਦਯੋਗ ਤੋਂ ਬਾਹਰ ਕੱਢੇ ਜਾਣ ਦਾ ਖਤਰਾ ਹੋਵੇਗਾ।’’